ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਇੱਕ ਵਾਰ ਫਿਰ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਦਾਖ਼ਲ ਹੋਏ ਡਰੋਨ ਨੂੰ ਢੇਰ ਕਰ ਦਿੱਤਾ ਹੈ। BSF ਨੇ ਖੇਤ ਵਿੱਚ ਤਲਾਸ਼ੀ ਦੌਰਾਨ ਹੈਰੋਇਨ ਦੀ ਖੇਪ ਸਮੇਤ ਲੋਹੇ ਦੀ ਰਿੰਗ ਬਰਾਮਦ ਕੀਤੀ ਹੈ। BSF ਦੇ ਜਵਾਨਾਂ ਨੇ ਬਰਾਮਦ ਕੀਤੇ ਪੈਕਟ ਦੇ ਅੰਦਰੋਂ 2 ਕਿਲੋ ‘ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।
BSF ਦੇ ਇੱਕ ਬੁਲਾਰੇ ਅਨੁਸਾਰ ਜਵਾਨ ਐਤਵਾਰ ਰਾਤ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਗਸ਼ਤ ਕਰ ਰਹੀ ਫੋਰਸ ਦੀ ਇਕ ਟੁਕੜੀ ਨੇ ਪਾਕਿਸਤਾਨ ਵਾਲੇ ਪਾਸਿਓਂ ਇਕ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਰੋਕਣ ਲਈ ਉਸ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਤੁਰੰਤ ਬਾਅਦ BSF ਦੇ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਅਸਾਮ: ਗੁਹਾਟੀ ‘ਚ ਭਿਆਨਕ ਸੜਕ ਹਾਦਸਾ, ਇੰਜੀਨੀਅਰਿੰਗ ਦੇ 7 ਵਿਦਿਆਰਥੀਆਂ ਦੀ ਮੌ.ਤ, ਕਈ ਜ਼ਖਮੀ
ਤਲਾਸ਼ੀ ਦੌਰਾਨ ਜਵਾਨਾਂ ਨੇ ਇੱਕ ਖੇਤ ਵਿੱਚੋਂ ਕਾਲੇ ਰੰਗ ਦਾ ਕਵਾਡਕਾਪਟਰ, DJI Matris 300 RTK ਡਰੋਨ ਬਰਾਮਦ ਕੀਤਾ। ਫੋਰਸ ਦੇ ਜਵਾਨਾਂ ਨੇ ਇਸ ਡਰੋਨ ਦੇ ਨਾਲ ਇੱਕ ਬੰਨ੍ਹਿਆ ਹੋਇਆ ਬੈਗ ਵੀ ਬਰਾਮਦ ਕੀਤਾ ਹੈ, ਜੋ ਕਿ ਡਰੋਨ ਨਾਲ ਲੋਹੇ ਦੀ ਰਿੰਗ ਨਾਲ ਬੰਨ੍ਹਿਆ ਹੋਇਆ ਸੀ। ਬੈਗ ‘ਚੋਂ 2 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਹੋਈ। BSF ਦੇ ਜਵਾਨ ਧਨੋਏ ਖੁਰਦ ਅਤੇ ਇਸ ਦੇ ਆਸਪਾਸ ਦੇ ਸਰਹੱਦੀ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਸੀਮਾ ਸੁਰੱਖਿਆ ਬਲ ਨੇ ਪਿੰਡ ਧਨੋਏ ਖੁਰਦ ਦੇ ਬਾਹਰ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਨੂੰ ਮਾਰ ਗਿਰਾਇਆ ਸੀ। ਇਸ ਦੇ ਨਾਲ ਹੀ ਜਵਾਨਾਂ ਨੇ ਇੱਕ ਤਸਕਰ ਨੂੰ ਵੀ ਦਬੋਚਿਆ ਸੀ। ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜੇ ‘ਚੋਂ 3 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤਾ ਗਿਆ ਸੀ। ਇਸ ਮਗਰੋਂ ਜਵਾਨਾਂ ਨੇ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: