ਮਸ਼ਹੂਰ ਉਦਯੋਗਪਤੀ ਤੇ ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪੁਣੇ ਵਿੱਚ 83 ਸਾਲ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲਏ। ਉਹ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ।
ਰਾਹੁਲ ਬਜਾਜ ਨੇ ਸਾਲ 1965 ਵਿੱਚ ਬਜਾਜ ਗਰੁੱਪ ਦੀ ਜ਼ਿੰਮੇਵਾਰੀ ਸੰਭਾਲੀ ਸੀ। 2005 ਵਿੱਚ ਉਨ੍ਹਾਂ ਨੇ ਆਪਣੀ ਚੇਅਰਮੈਨੀ ਛੱਡ ਦਿੱਤੀ ਸੀ। ਭਾਰਤ ਸਰਕਾਰ ਨੇ 2001 ਵਿੱਚ ਰਾਹੁਲ ਬਜਾਜ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਸੀ। 2006 ਤੋਂ 2010 ਤੱਕ ਰਾਹੁਲ ਬਜਾਜ ਰਾਜ ਸਭਾ ਦੇ ਮੈਂਬਰ ਵੀ ਰਹੇ ਸਨ। ਰਾਹੁਲ ਬਜਾਜ ਨੇ ਪੰਜ ਦਹਾਕਿਆਂ ਵਿੱਚ ਬਜਾਜ ਗਰੁੱਪ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦਾ ਜਨਮ 10 ਜੂਨ 1939 ਨੂੰ ਕੋਲਕਾਤਾ ਵਿੱਚ ਹੋਇਆ ਸੀ। ਰਾਹੁਲ ਬਜਾਜ ਨੇ ਅਰਥ ਸ਼ਾਸਤਰ ਤੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਦਿੱਲੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿੱਚ ਆਨਰਸ ਡਿਗਰੀ, ਬਾਂਬੇ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਤੇ ਹਾਰਵਰਡ ਬਿਜ਼ਨੈੱਸ ਸਕੂਲ ਤੋਂ ਐੱਮ.ਬੀ.ਏ. ਵੀ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
2008 ਵਿੱਚ ਉਨ੍ਹਾਂ ਨੇ ਬਜਾਜ ਆਟੋ ਨੂੰ ਤਿੰਨ ਯੂਨਿਟ ਬਜਾਜ ਆਟੋ, ਫਾਈਨਾਂਸ ਕੰਪਨੀ ਬਜਾਜ ਫਿਨਸਰਵ ਤੇ ਇੱਕ ਹੋਲਡਿੰਗ ਕੰਪਨੀ ਵਿੱਚ ਵੰਡ ਦਿੱਤਾ ਸੀ। ਰਾਹੁਲ ਬਜਾਜ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੌਰਾਨ ਇੱਕ ਉਦਯੋਗਪਤੀ ਤੇ ਮੋਹਨਦਾਸ ਕਰਮਚੰਦ ਗਾਂਧੀ ਦੇ ਵੱਡੇ ਸਮਰਥਕ ਜਮਨਾਲਾਲ ਬਜਾਜ ਦੇ ਪੋਤੇ ਸਨ।