ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਣ-ਬੁੱਝ ਕੇ ਸੂਬੇ ਵਿਚ ਨਵਾਂ ਨਿਵੇਸ਼ ਕਰਨ ਦੇ ਇੱਛੁਕ ਨਿਵੇਸ਼ਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਿੰਗਲ ਵਿੰਡੋ ਸਮੇਤ ਕੀਤੇ ਵੱਡੇ-ਵੱਡੇ ਦਾਅਵੇ ਮੂਧੇ ਮੂੰਹ ਡਿੱਗੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨਿਵੇਸ਼ਕਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ ਤੇ ਇਨ੍ਹਾਂ ਨੁੰ ਆਪਣੇ ਪ੍ਰਾਜੈਕਟਾਂ ਵਾਸਤੇ ਮਨਜ਼ੂਰੀ ਲੈਣ ਵਾਸਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਬੂਹੇ ਖੜਕਾਉਣੇ ਪੈ ਰਹੇ ਹਨ।
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਜੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਵੱਖ-ਵੱਖ ਮਨਜ਼ੂਰੀਆਂ ਲੈਣ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਇਹ ਐਲਾਨ ਕਰ ਰਹੇ ਹਨ ਕਿ ਜ਼ਮੀਨ ਦੀ ਵਰਤੋਂ ਵਿਚ ਤਬਦੀਨੀ ਯਾਨੀ ਸੀ ਐਲ ਯੂ ਵਾਸਤੇ ਕੋਈ ਖਰਚਾ ਨਹੀਂ ਲਿਆ ਜਾਵੇਗਾ ਜਦਕਿ ਨਵੇਂ ਨਿਵੇਸ਼ਾਂ ਨੁੰ ਇਹ ਕਲੀਅਰੰਸ ਲੈਣ ਵਾਸਤੇ ਵੱਡੀ ਰਕਮ ਖਰਚ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਨਿਵੇਸ਼ਕਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਆਪਣੀ ਫਾਈਲ ਅੱਗੇ ਤੁਰਦੀ ਰਹਿਣ ਵਾਲੇ ਐਫ ਡੀ ਸਮੇਤ ਅਨੇਕਾਂ ਤਰੀਕੇ ਦੀ ਗਰੰਟੀ ਦੇਣੀ ਪੈ ਰਹੀ ਹੈ।
ਐਨ ਕੇ ਸ਼ਰਮਾ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਫਸਰ ਇਨ੍ਹਾਂ ਨਿਵੇਸ਼ਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰ ਰਹੇ ਹਨ ਹਾਲਾਂਕਿ ਇਨ੍ਹਾਂ ਨੇ ਪਹਿਲਾਂ ਹੀ ਮੁੱਖ ਮੰਤਰੀ ਦੇ ਐਲਾਨ ’ਤੇ ਵਿਸ਼ਵਾਸ ਕਰਦਿਆਂ ਆਪਣੇ ਪ੍ਰਾਜੈਕਟਾਂ ਵਾਸਤੇ ਵੱਡੀ ਰਕਮ ਖਰਚ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਆਪਣੀ ਜ਼ੁਬਾਨ ’ਤੇ ਉਸੇ ਤਰੀਕੇ ਪੱਕੇ ਨਹੀਂ ਉਤਰੇ ਜਿਵੇਂ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਪੂਰਾ ਨਹੀਂ ਕੀਤਾ।
ਅਕਾਲੀ ਆਗੂ ਨੇ ਕਿਹਾ ਕਿ ਬਜਾਏ ਵੱਡੇ ਤੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ ਕਾਂਗਰਸ ਸਰਕਾਰ ਨੂੰ ਨਿਵੇਸ਼ਕਾਂ ਤੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਮੁਆਫੀ ਮੰਗਣੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰਨੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਕਿਸਾਨ ਜਥੇਬੰਦੀ ਨੂੰ ਧਰਨਾ ਨਾ ਕਰਨ ਦੀ ਅਪੀਲ, ਕਿਹਾ-ਇਹ ਕੋਵਿਡ ਖਿਲਾਫ ਲੜਾਈ ‘ਚ ਸਮਰਥਨ ਕਰਨ ਦਾ ਸਮਾਂ
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਪਹਿਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਨਿਵੇਸ਼ਕਾਂ ਨੂੰ ਕੀਤੇ ਵਾਅਦੇ ਹਮੇਸ਼ਾ ਪੂਰੇ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੀ ਮੌਜੂਦਾ ਨੀਤੀ ਤੇ ਸੂਬੇ ਦੇ ਨਿਵੇਸ਼ਕਾਂ ਦੀ ਲੁੱਟ ਜਾਰੀ ਰੱਖਦੀ ਹੈ ਤਾਂ ਫਿਰ ਸੂਬਾ ਸੰਤੋਖ ਭੋਗੇਗਾ ਅਤੇ ਇਸ ਵਾਸਤੇ ਇਨਵੈਸਟ ਪੰਜਾਬ ਵਿਭਾਗ ਆਪ ਆਪਣਾ ਅਕਸ ਖਰਾਬ ਕਰ ਲਵੇਗਾ ਤੇ ਜਵਾਬਦੇਹ ਹੋਵੇਗਾ।