Capt Amarinder Singh’s : ਚੰਡੀਗੜ੍ਹ : 2021 ਦੇ ਸਭ ਤੋਂ ਵੱਧ ਤਾਕਤਵਰ ਭਾਰਤੀ ਵਿਅਕਤੀਆਂ ਦੀ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਅੱਜ ਜਾਰੀ ਹੋਈ ਇਸ ਸੂਚੀ ਵਿੱਚ ਉਨ੍ਹਾਂ ਦਾ ਰੈਂਕ 15ਵਾਂ ਹੈ ਤੇ ਇਸ ਤੋਂ ਪਹਿਲਾਂ 2019 ਦੀ ਇਸ ਸੂਚੀ ਵਿੱਚ ਵੀ ਉਨ੍ਹਾਂ ਦਾ 15ਵਾਂ ਹੀ ਰੈਂਕ ਸੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਕਈ ਵੱਡੇ ਵੱਡੇ ਆਗੂਆਂ ਨੂੰ ਵੀ ਪਛਾੜ ਦਿੱਤਾ ਹੈ। । ਇਹ ਸੂਚੀ ਹਰ ਸਾਲ ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਜਾਰੀ ਕੀਤੀ ਜਾਂਦੀ ਹੈ। ਕੈਪਟਨ ਤੋਂ ਪਹਿਲਾਂ ਹੋਰ ਕਿਸੇ ਪੰਜਾਬੀ ਦਾ ਨਾਂ ਨਹੀਂ ਹੈ। ਇੰਝ ਉਨ੍ਹਾਂ ਨੂੰ ਸਾਲ 2021 ਦਾ ਸਭ ਤੋਂ ਵੱਧ ਤਾਕਤਵਰ ਪੰਜਾਬੀ ਵੀ ਮੰਨਿਆ ਜਾ ਸਕਦਾ ਹੈ।
ਇਸ ਲਿਸਟ ਵਿੱਚ ਪੀ ਐਮ ਮੋਦੀ ਪਹਿਲੇ ਸਥਾਨ ‘ਤੇ , ਅਮਿਤ ਸ਼ਾਹ ਦੂਜੇ ਸਥਾਨ ‘ਤੇ ਅਤੇ ਆਰ ਐਸ ਐਸ ਮੁਖੀ ਭਾਗਵਤ ਤੀਜੇ ਸਥਾਨ ਤੇ ਹਨ। ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਇਸ ਲਿਸਟ ਵਿੱਚ 88ਵੇਂ ਨੰਬਰ ‘ਤੇ ਹਨ। ਅਖ਼ਬਾਰ ਨੇ ਇਸ ਦਾ ਕਾਰਨ ਵੀ ਦਿੱਤਾ ਹੈ ਕਿ ਆਖ਼ਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਹੈ। ‘ਇੰਡੀਅਨ ਐਕਸਪ੍ਰੈੱਸ’ ਨੇ ਇਹ ਕਾਰਨ ਦੱਸਦਿਆਂ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦੌਰਾਨ ਬਹੁਤ ਹੀ ਚੰਗਾ ਕੰਮ ਕੀਤਾ ਹੈ। ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਹਨ ਤੇ ਇਸੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ’ਚ ਸੱਤਾਧਾਰੀ ਭਾਜਪਾ ਤੋਂ ਆਪਣਾ ਪੁਰਾਣਾ ਨਾਤਾ ਤੱਕ ਤੋੜ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਆਪਣੀ ਕਾਂਗਰਸ ਪਾਰਟੀ ਦਾ ਅਕਸ ਆਮ ਆਦਮੀ ਪਾਰਟੀ ਦੇ ਮੁਕਾਬਲੇ ਵਧਿਆ ਬਣਾਇਆ ਹੈ। ਅਖ਼ਬਾਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਜੁੜਨ ਲਈ ਟੈਕਨੋਲੋਜੀ ਦੀ ਪੂਰੀ ਵਰਤੋਂ ਕਰਦੇ ਹਨ। ਮਹਾਮਾਰੀ ਦੌਰਾਨ ਵੀ ਉਹ ਇੰਝ ਹੀ ਲੋਕਾਂ ਨਾਲ ਜੁੜੇ ਰਹੇ ਸਨ।