ਖ਼ਬਰ ਹੈ ਕਿ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਲਾਂਚ ਕਰਨ ਦਾ ਐਲਾਨ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਵਿਰੋਧੀਆਂ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਵੀ ਕੈਪਟਨ ‘ਤੇ ਸ਼ਬਦੀ ਵਾਰ ਕੀਤੇ ਹਨ।
ਜਿਸ ਦੇ ਜਵਾਬ ਵਿਚ ਕੈਪਟਨ ਨੇ ਆਪਣੇ ਵਿਰੋਧੀਆਂ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਮਲਿਆਂ ਤੋਂ ਬਾਅਦ ਮੇਰੇ ਸਮਰਥਕਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟੀਆ ਹਰਕਤ ਕਰਕੇ ਤੁਸੀਂ ਮੈਨੂੰ ਹਰਾ ਨਹੀਂ ਸਕਦੇ। ਮੈਂ ਉਨ੍ਹਾਂ ਤੋਂ ਡਰਨ ਵਾਲਾ ਨਹੀਂ ਹਾਂ। ਕੈਪਟਨ ਅਮਰਿੰਦਰ ਨੇ ਟਵੀਟ ਕਰਦਿਆਂ ਕਿਹਾ ਕਿ ਹੁਣ ਵਿਰੋਧੀ ਪਟਿਆਲਾ ਵਿਚ ਮੇਰੇ ਸਮਰਥਕਾਂ ਨੂੰ ਧਮਕਾਉਣ ‘ਤੇ ਉਤਾਰੂ ਹੋ ਗਏ ਹਨ। ਮੈਂ ਆਪਣੇ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਇਸ ਤਰ੍ਹਾਂ ਦੀ ਹੇਠਲੇ ਪੱਧਰ ਦੀ ਰਾਜਨੀਤੀ ਕਰਕੇ ਮੈਨੂੰ ਹਰਾ ਨਹੀਂ ਸਕਦੇ। ਉਹ ਅਜਿਹੀਆਂ ਚਾਲਾਂ ਨਾਲ ਨਾ ਤਾਂ ਵੋਟਾਂ ਜਿੱਤ ਸਕਣਗੇ ਅਤੇ ਨਾ ਹੀ ਲੋਕਾਂ ਦਾ ਦਿਲ।
ਕੈਪਟਨ ਨੇ ਕਿਹਾ ਕਿ ਜਿਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਉਹ ਮੇਰੇ ਨਾਲ ਹਨ ਕਿਉਂਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਾ ਚਾਹੁੰਦੇ ਹਨ। ਉਹ ਅਜਿਹੀਆਂ ਛੋਟੀਆਂ ਹਰਕਤਾਂ ਤੋਂ ਡਰਨਗੇ ਨਹੀਂ। ਅਸੀਂ ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ। ਦੱਸਣਯੋਗ ਹੈ ਕਿ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਕਾਨੂੰਨੀ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: