ਪੰਜਾਬ ਦੇ ਤਰਨਤਾਰਨ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸਰਹਾਲੀ ਤੋਂ ਚੋਹਲਾ ਸਾਹਿਬ ਜਾਂਦੇ ਸਮੇਂ ਇੱਕ ਕਾਰ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਵਿੱਚ 2 ਚਚੇਰੇ ਭਰਾ ਹਨ ਅਤੇ ਸਾਰੇ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ। ਤਿੰਨੋਂ ਨੌਜਵਾਨ ਆਈ-10 ਕਾਰ ਵਿੱਚ ਸਰਹਾਲੀ ਤੋਂ ਘਰ ਪਰਤ ਰਹੇ ਸਨ। ਪੁਲੀਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ, ਜਤਿਨ ਅਤੇ ਅੰਕੁਸ਼ ਕੁਮਾਰ ਵਜੋਂ ਹੋਈ ਹੈ। ਸੂਚਨਾ ਅਨੁਸਾਰ ਜਤਿਨ ਅਤੇ ਅੰਕੁਸ਼ ਕਿਸੇ ਕੰਮ ਲਈ ਸਰਹਾਲੀ ਗਏ ਹੋਏ ਸਨ। ਦੋਵੇਂ ਚਚੇਰੇ ਭਰਾ ਰਾਤ ਸਮੇਂ ਵਾਪਸ ਆ ਰਹੇ ਸਨ। ਉਦੋਂ ਹੀ ਨਿਸ਼ਾਨ ਸਿੰਘ ਦਿਖਾਈ ਦਿੱਤਾ ਅਤੇ ਦੋਵਾਂ ਨੇ ਉਸ ਨੂੰ ਘਰ ਤੱਕ ਲਿਫਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਜਿਵੇਂ ਹੀ ਗੱਡੀ ਚੋਹਲਾ ਸਾਹਿਬ ਰੋਡ ‘ਤੇ ਪਹੁੰਚੀ ‘ਤਾਂ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਦਰਖਤ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਇੱਕ ਨਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ 2500 ਨਸ਼ੀਲੀਆਂ ਗੋਲੀਆਂ ਤੇ ਫ਼ੋਨ ਬਰਾਮਦ
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇੰਨਾ ਹੀ ਨਹੀਂ ਕਾਰ ਅੱਧ ਤੋਂ ਵੱਧ ਪਲਟ ਗਈ ਹੈ। ਘਟਨਾ ‘ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਦਰਵਾਜ਼ੇ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ। ਫਿਲਹਾਲ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇੱਕੋ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -: