CM and Arhats : ਚੰਡੀਗੜ੍ਹ: ਪੰਜਾਬ ਵਿੱਚ ਆੜ੍ਹਤੀ ਐਸੋਸੀਏਸ਼ਨਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਮੁਲਾਕਾਤ ਕੀਤੀ। ਜਿਥੇ ਉਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਮੁੱਖ ਮੰਤਰੀ ਨੂੰ ਦੱਸੀਆਂ ਹਨ। ਇਸ ਦੇ ਨਾਲ ਹੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਡੇ ਕੋਲੋਂ ਸ਼ਾਮ ਤੱਕ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਭੇਜੇ ਗਏ ਨਵੇਂ ਪ੍ਰਸਤਾਵ ‘ਤੇ ਵਿਚਾਰ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਨਵਾਂ ਰਸਤਾ ਨਹੀਂ ਮਿਲਿਆ ਹੈ। ਜੇ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਸਹਿਮਤ ਹੈ ਤਾਂ ਇਹ ਸਹੀ ਨਹੀਂ ਹੈ, ਫਿਰ ਕੱਲ੍ਹ ਅਸੀਂ ਹੜਤਾਲ ‘ਤੇ ਚਲੇ ਜਾਵਾਂਗੇ।
ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਦੇ ਕਿਸਾਨਾਂ ਦੀ ਫਸਲ ਦੀ ਸਰਕਾਰੀ ਖਰੀਦ ਦੀ ਸਿੱਧੀ ਆਨਲਾਈਨ ਅਦਾਇਗੀ ਦੇ ਮੁੱਦੇ ‘ਤੇ ਕੇਂਦਰੀ ਖੁਰਾਕ ਮੰਤਰੀ ਪਿਯੂਸ਼ ਗੋਇਲ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀਰਵਾਰ ਨੂੰ ਮੁਲਾਕਾਤ ਹੋਈ ਸੀ। ਪਰ ਇਸ ਵਿੱਚ ਵੀ ਕਿਸਾਨਾਂ ਤੇ ਆੜ੍ਹਤੀਆਂ ਦੇ ਹੱਕ ਵਿੱਚ ਕੋਈ ਗੱਲ ਨਹੀਂ ਬਣੀ। ਕੇਂਦਰ ਸਰਕਾਰ ਆਪਣੇ ਫੈਸਲੇ ‘ਤੇ ਅੜੀ ਹੋਈ ਹੈ ਅਤੇ ਫ਼ਸਲ ਦੀ ਸਿੱਧੀ ਅਦਾਇਗੀ ਨੂੰ ਲੈ ਕੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ।
ਕਲ ਹੋਈ ਮੀਟਿੰਗ ‘ਚ ਸ਼੍ਰੀ ਆਸ਼ੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਲੈਂਡ ਰਿਕਾਰਡ ਨੂੰ ਆਨ ਲਾਈਨ ਕਰਨ ਦਾ ਫੈਸਲਾ 6 ਮਹੀਨੇ ਲਈ ਟਾਲ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਦੇ ਵਫਦ ਵੱਲੋਂ ਸਿੱਧੀ ਅਦਾਇਗੀ ( ਡੀ.ਬੀ.ਟੀ.) ਲੈਂਡ ਰਿਕਾਰਡ ਨੂੰ ਆਨ ਲਾਈਨ ਕਰਨ, ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ.), ਕੇਂਦਰ ਸਰਕਾਰ ਵੱਲ ਖੜੇ ਪੰਜਾਬ ਦੇ ਵੱਖ ਵੱਖ ਬਕਾਇਆ ਰਾਸ਼ੀ ਨੂੰ ਜਲਦ ਜਾਰੀ ਕਰਨ ਅਤੇ ਪੰਜਾਬ ਦੇ ਗੁਦਾਮਾਂ ਵਿੱਚੋਂ ਕੇਂਦਰ ਸਰਕਾਰ ਦੇ ਅਨਾਜ ਦੀ ਜਲਦ ਚੁਕਾਈਂ ਕਰਨ ਬਾਰੇ ਚਰਚਾ ਕੀਤੀ ਗਈ। ਸ਼੍ਰੀ ਆਸ਼ੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ਼੍ਰੀ ਗੋਇਲ ਨੇ ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ.) ਦੀ ਬਕਾਇਆ ਰਾਸ਼ੀ ਜਾਰੀ ਕਰਨ ਬਾਰੇ ਕਿਹਾ ਕਿ ਸੂਬਾ ਸਰਕਾਰ ਇਸ ਫੰਡ ਵਿੱਚੋਂ ਪਹਿਲਾ ਖਰਚ ਕੀਤੀ ਗਈ ਰਾਸੀ ਦਾ ਹਿਸਾਬ ਦੇਵੇ ਜਿਸ ਤੇ ਪੰਜਾਬ ਦੇ ਵਫਦ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਉਹ ਇਸ ਸਬੰਧੀ ਆਡਿਟ ਕਰਵਾ ਸਕਦੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਦਿਹਾਤੀ ਵਿਕਾਸ ਫੰਡ ਦਾ ਇਕ -ਇਕ ਪੈਸਾ ਕਾਨੂੰਨ ਅਨੁਸਾਰ ਹੀ ਖਰਚ ਕੀਤਾ ਹੈ ਇਸ ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਿਹਾਤੀ ਵਿਕਾਸ ਫੰਡ ਦੇ ਖਰਚ ਸਬੰਧੀ ਦੁਬਾਰਾ ਰਿਪੋਰਟ ਭੇਜ ਦੇਵੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਦਿਹਾਤੀ ਵਿਕਾਸ ਫੰਡ ਦੀ ਬਕਾਇਆ 2 ਫੀਸਦੀ ਰਾਸ਼ੀ ਜਾਰੀ ਕਰ ਦੇਵੇਗੀ।