ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅੱਜ ਐਲਾਨ ਕੀਤਾ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ‘ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ’ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦਾ ਅਤਿ ਆਧੁਨਿਕ ‘ਦਾਸਤਾਨ-ਏ-ਸ਼ਹਾਦਤ’ (ਥੀਮ ਪਾਰਕ) ਅਤੇ ਹੈਰੀਟੇਜ ਸਟਰੀਟ ਦਾ ਉਦਘਾਟਨ ਨਵੰਬਰ ਦੇ ਅੱਧ ਤੱਕ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਸੀ, ਜਿਸ ਵਿਚ ਉਨ੍ਹਾਂ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਥੀਮ ਪਾਰਕ ਵਿੱਚ ਅਤਿ-ਆਧੁਨਿਕ ਉਪਕਰਣ ਜਿਵੇਂ ਕਿ ਰਿਵਾਲਵਿੰਗ ਥੀਏਟਰ, ਡੋਮ, ਸਟੈਟਿਕ ਸੈੱਟ, ਲਾਈਵ ਐਕਸ਼ਨ ਸਟੂਡੀਓ, ਸੈੱਟ ਅਤੇ ਲਾਈਵ ਸ਼ੂਟ ਦਾ ਮਿਸ਼ਰਣ, ਡਬਲ ਸਕਰੀਨਾਂ ਵਾਲੀ 270 ਡਿਗਰੀ ਸਕ੍ਰੀਨ ਪ੍ਰੋਜੇਕਸ਼ਨ ਸਕਰੀਨ, ਸੈੱਟ ਸਮੇਤ ਕੰਧ ਚਿੱਤਰ, ਰਿਵਾਲਵਿੰਗ ਟੇਬਲ ਨਾਲ 360 ਡਿਗਰੀ ਸਕ੍ਰੀਨ, ਪ੍ਰੋਜੈਕਸ਼ਨ ਨਾਲ ਹੋਲੋਗ੍ਰਾਮ, 270 ਡਿਗਰੀ ਮੈਪਿੰਗ ਅਤੇ 3ਡੀ ਐਨੀਮੇਸ਼ਨ ਨਾਲ ਲੈਸ 11 ਗੈਲਰੀਆਂ ਹੋਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਉਦਘਾਟਨੀ ਸਮਾਰੋਹ ਮੌਕੇ ਮੁੱਖ ਸ਼ਖਸੀਅਤਾਂ ਤੋਂ ਇਲਾਵਾ ਹੋਰ ਧਰਮਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਜਾਵੇਗਾ। ਚੰਨੀ ਨੇ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕਮੇਟੀਆਂ ਦਾ ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ (ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ) ਸੰਜੈ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ (ਪੀ.ਡਬਲਿਊ.ਡੀ.) ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ ਸਿਨਹਾ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕਮਲਦੀਪ ਕੌਰ ਬਰਾੜ, ਡਾਇਰੈਕਟਰ ਸਥਾਨਕ ਸਰਕਾਰਾਂ ਪੁਨੀਤ ਗੋਇਲ, ਡੀਸੀ ਰੂਪਨਗਰ ਸੋਨਾਲੀ ਗਿਰੀ ਅਤੇ ਐੱਸਐੱਸਪੀ ਰੂਪਨਗਰ ਵਿਵੇਕ ਸ਼ੀਲ ਸੋਨੀ ਆਦਿ ਹਾਜ਼ਰ ਸਨ।