ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਲਈ ਹਰ ਸਾਲ ਦੀ ਤਰ੍ਹਾਂ ਪੰਜਾਬ ਦੇ ਜਲੰਧਰ ਤੋਂ ਕਾਸ਼ੀ ਲਈ ਅੱਜ ਹਜ਼ਾਰਾਂ ਸ਼ਰਧਾਲੂ ਰਵਾਨਾ ਹੋਏ ਹਨ। ਸਾਰੇ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟਰੇਨ ਰਾਹੀਂ ਵਾਰਾਣਸੀ ਲਈ ਰਵਾਨਾ ਹੋਏ। ਇਸ ਵਿਸ਼ੇਸ਼ ਰੇਲ ਗੱਡੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।
ਦੱਸ ਦੇਈਏ ਰੇਲਵੇ ਨੇ ਟਰੇਨ ਦੇ ਰਵਾਨਗੀ ਲਈ 3.15 ਮਿੰਟ ਦਾ ਸਮਾਂ ਜਾਰੀ ਕੀਤਾ ਸੀ, ਪਰ ਰੇਲਗੱਡੀ ਨੂੰ ਇੱਕ ਘੰਟਾ ਪਹਿਲਾਂ ਹੀ ਦੋ ਸਟੇਸ਼ਨਾਂ ਤੋਂ ਰਵਾਨਾ ਕਰ ਦਿੱਤਾ ਗਿਆ। ਪੂਰਾ ਰੇਲਵੇ ਸਟੇਸ਼ਨ ਸ਼ਰਧਾਲੂਆਂ ਅਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਸ਼ਰਧਾਲੂ ਡੇਰਾ ਬੱਲਾਂ ਤੋਂ ਯਾਤਰਾ ਕੱਢ ਕੇ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਪੁੱਜੇ ਸਨ। ਸ਼ਰਧਾਲੂਆਂ ਲਈ ਲੋਕਾਂ ਨੇ ਵੱਖ-ਵੱਖ ਥਾਵਾਂ ‘ਤੇ ਕਈ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ।
ਰੇਲਵੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ ਚਾਰ ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਦੋ ਟਰੇਨਾਂ ਪੰਜਾਬ ਦੇ ਜਲੰਧਰ ਅਤੇ ਬਠਿੰਡਾ ਤੋਂ ਬਨਾਰਸ ਲਈ ਜਾਣਗੀਆਂ। ਦੋ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਉਥੋਂ ਵਾਪਸ ਲੈ ਕੇ ਜਲੰਧਰ ਅਤੇ ਬਠਿੰਡਾ ਲਈ ਵਾਪਸ ਆਉਣਗੀਆਂ। ਅੱਜ ਸਪੈਸ਼ਲ ਟਰੇਨ ਨੰਬਰ 04606 ਜਲੰਧਰ ਤੋਂ ਦੁਪਹਿਰ 2 ਵਜੇ ਰਵਾਨਾ ਹੋਈ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਪੁਲਿਸ ਨੇ ਪਹਿਲੀ ਵਾਰ ਪਰਫਿਊਮ IED ਕੀਤਾ ਬਰਾਮਦ
ਜਾਣਕਾਰੀ ਅਨੁਸਾਰ ਇਹ ਟਰੇਨ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਆਲਮ ਨਗਰ, ਲਖਨਊ ਸਟੇਸ਼ਨਾਂ ਤੋਂ ਹੁੰਦੀ ਹੋਈ 3 ਫਰਵਰੀ 2023 ਨੂੰ ਦੁਪਹਿਰ 12:10 ਵਜੇ ਬਨਾਰਸ ਪਹੁੰਚੇਗੀ। ਉਥੋਂ ਰੇਲਗੱਡੀ ਨੰਬਰ 04605 6 ਫਰਵਰੀ ਨੂੰ ਸ਼ਾਮ 6:15 ਵਜੇ ਰਵਾਨਾ ਹੋਵੇਗੀ ਅਤੇ ਉਕਤ ਸਟੇਸ਼ਨਾਂ ਰਾਹੀਂ ਅਗਲੇ ਦਿਨ 7 ਫਰਵਰੀ ਨੂੰ ਦੁਪਹਿਰ 1:35 ਵਜੇ ਜਲੰਧਰ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਦੂਜੀ ਬਠਿੰਡਾ ਤੋਂ ਵਿਸ਼ੇਸ਼ ਰੇਲ ਗੱਡੀ ਨੰਬਰ 04530 ਅੱਜ ਰਾਤ 9.05 ਵਜੇ ਰਵਾਨਾ ਹੋਵੇਗੀ ਅਤੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਤੋਂ ਹੁੰਦੀ ਹੋਈ ਅਗਲੇ ਦਿਨ 3 ਫਰਵਰੀ ਨੂੰ ਸ਼ਾਮ 5 ਵਜੇ ਬਨਾਰਸ ਪਹੁੰਚੇਗੀ। ਇਸ ‘ਤੋਂ ਬਾਅਦ 6 ਫਰਵਰੀ ਨੂੰ ਉੱਥੋਂ ਵਾਪਸ ਆਉਣ ਲਈ ਰੇਲ ਗੱਡੀ ਨੰਬਰ 04529 ਰਾਤ 9 ਵਜੇ ਚੱਲੇਗੀ ਅਤੇ ਉਕਤ ਸਟੇਸ਼ਨਾਂ ਰਾਹੀਂ ਅਗਲੇ ਦਿਨ 7 ਫਰਵਰੀ ਨੂੰ ਸ਼ਾਮ 7.10 ਵਜੇ ਬਠਿੰਡਾ ਪਹੁੰਚੇਗੀ।