Congress MP Aujla arrives : ਨਵੀਂ ਦਿੱਲੀ : ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਹੱਕਾਂ ਲਈ ਰੜ ਰਹੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਹ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਉਨ੍ਹਾਂ ਦੇ ਅੰਦੋਲਨ ਨੂੰ ਸਿਆਸੀ ਜਾਂ ਗਲਤ ਰੰਗ ਦੇਵੇ, ਜਿਸ ਕਾਰਨ ਸਿਆਸੀ ਪਾਰਟੀਆਂ ਨੂੰ ਇਸ ਅੰਦੋਲਨ ਤੋਂ ਦੂਰ ਹੀ ਰੱਖਣਾ ਚਾਹੁੰਦੇ ਹਨ। ਅੱਜ ਐਤਵਾਰ ਨੂੰ ਸਿੰਘੂ ਬਾਰਡਰ ‘ਤੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਐਮ.ਪੀ. ਸ: ਗੁਰਜੀਤ ਸਿੰਘ ਔਜਲਾ ਪਹੁੰਚੇ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਅੰਦੋਲਨ ਵਿੱਚ ਸ਼ਾਮਲ ਤਾਂ ਕੀ ਕਰਨਾ ਸੀ ਸਗੋਂ ਉਥੋਂ ਭਜਾ ਦਿੱਤਾ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਉਥੋਂ ਵਾਪਿਸ ਜਾਣ ਲਈ ਮਜਬੂਰ ਹੋਣਾ ਪਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਸੰਘਰਸ਼ ਨੂੰ ਕੋਈ ਸਿਆਸੀ ਰੰਗ ਨਹੀਂ ਦੇਣਾ ਚਾਹੁੰਦੇ ਇਸ ਲਈ ਕੋਈ ਵੀ ਸਿਆਸੀ ਆਗੂ ਉਨ੍ਹਾਂ ਦੇ ਧਰਨੇ ਵਿੱਚ ਨਾ ਆਵੇ। ਉਨ੍ਹਾਂ ਨੂੰ ਧਰਨੇ ਵਿੱਚ ਆਇਆ ਦੇਖਦਿਆਂ ਹੀ ਕਿਸਾਨ ਗੁੱਸੇ ਨਾਲ ਭਰ ਗਏ ਅਤੇ ਤੁਰੰਤ ਉਨ੍ਹਾਂ ਨੂੰ ਉਥੋਂ ਭੱਜਣ ਲਈ ਮਜਬੂਰ ਕਰ ਦਿੱਤਾ। ਦੱਸਣਯੋਗ ਹੈ ਕਿ ਬੀਤੇ ਦਿਨ ਸਿੰਘੂ ਬਾਰਡਰ ‘ਤੇ ਲੁਧਿਆਣਾ ਤੋਂ ਐਮ.ਪੀ. ਸ: ਰਵਨੀਤ ਸਿੰਘ ਬਿੱਟੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਸ੍ਰੀ ਰਾਜਾ ਵੜਿੰਗ ਪਹੁੰਚੇ ਸਨ, ਜਿਨ੍ਹਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਦੱਸਣਯੋਗ ਹੈ ਕਿ ਕੇਂਦਰ ਵੱਲੋਂ ਜਿਥੇ ਕਿਸਾਨਾਂ ਨੂੰ ਹੁਣ 3 ਦਸੰਬਰ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਹੁਣ ਇਹ ਬਦਲ ਕੇ 1 ਦਸੰਬਰ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਨੇ ਇਸ ਬੈਠਕ ਦਾ ਬਾਈਕਾਟ ਕੀਤਾ ਹੈ ਅਤੇ ਕਿਹਾ ਕਿ ਉਹ ਸ਼ਰਤਾਂ ਨਾਲ ਮੀਟਿੰਗ ਨਹੀਂ ਕਰਨਗੇ। ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਹ ਦਿੱਲੀ ਸੀਲ ਕਰ ਦੇਣਗੇ। ਕਿਸਾਨਾਂ ਨੇ ਇੱਕ ਵਾਲੰਟੀਅਰ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ, ਜੋ ਕਿਸਾਨਾਂ ਦੀ ਹਰ ਤਰ੍ਹਾਂ ਦੀ ਕਾਰਗੁਜ਼ਾਰੀ ਦਾ ਧਿਆਨ ਰਖੇਗੀ। ਇਸ ਤੋਂ ਇਲਾਵਾ ਉਹ ਕੇਂਦਰ ਸਾਹਮਣੇ ਆਪਣੀਆਂ ਮੰਗਾਂ ਵੀ ਰੱਖਣਗੇ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਵੀ ਛੁਡਵਾਉਣਗੇ।