ਕਾਂਗਰਸ ਪਾਰਟੀ ਨੇ ਹਰਿਆਣਾ ਤੋਂ ਆਪਣੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ। ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ‘ਤੇ ਕਰਾਸ ਵੋਟਿੰਗ ਕਰਕੇ ਕੁਲਦੀਪ ‘ਤੇ ਇਹ ਕਾਰਵਾਈ ਕੀਤੀ ਗਈ। ਕਾਂਗਰਸ ਪਾਰਟੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਕੁਲਦੀਪ ਬਿਸ਼ਨੋਈ ਦੀ ਵਿਧਾਇਕ ਵਜੋਂ ਮੈਂਬਰਸ਼ਿਪ ਰੱਦ ਕਰਨ ਦੀ ਸਿਫ਼ਾਰਿਸ਼ ਕਰੇਗੀ।
ਅਹਿਮ ਗੱਲ ਇਹ ਹੈ ਕਿ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਸੀਟ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਰਾਜ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਅਜੇ ਮਾਕਨ ਦੀ ਥਾਂ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੂੰ ਵੋਟ ਦਿੱਤੀ। ਵੋਟ ਪਾਉਣ ਤੋਂ ਬਾਅਦ ਕੁਲਦੀਪ ਨੇ ਟਵਿਟਰ ‘ਤੇ ਲਿਖਿਆ ਕਿ ਉਨ੍ਹਾਂ ਨੇ ਜ਼ਮੀਰ ਦੀ ਆਵਾਜ਼ ‘ਤੇ ਵੋਟ ਪਾਈ ਹੈ। ਕਾਂਗਰਸ ਦੇ ਅਜੇ ਮਾਕਨ ਰਾਜ ਸਭਾ ਚੋਣਾਂ ਵਿੱਚ ਹਾਰ ਗਏ ਸਨ। ਸੂਬੇ ਵਿੱਚ ਕਾਂਗਰਸ ਦੇ 31 ਵਿਧਾਇਕ ਹੋਣ ਦੇ ਬਾਵਜੂਦ ਮਾਕਨ ਨੂੰ ਸਿਰਫ਼ 29 ਵੋਟਾਂ ਮਿਲੀਆਂ।
ਕੁਮਾਰੀ ਸ਼ੈਲਜਾ ਵੱਲੋਂ ਹਰਿਆਣਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਦੀ ਦੌੜ ਵਿੱਚ ਕੁਲਦੀਪ ਬਿਸ਼ਨੋਈ ਸਭ ਤੋਂ ਅੱਗੇ ਸਨ। ਦੂਜੇ ਪਾਸੇ ਸਾਬਕਾ ਸੀ.ਐੱਮ. ਭੁਪਿੰਦਰ ਸਿੰਘ ਹੁੱਡਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਪੁੱਤਰ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ। ਕਾਂਗਰਸ ਦੇ ‘ਇਕ ਅਹੁਦਾ ਇਕ ਨੇਤਾ’ ਵਾਲੇ ਫਾਰਮੂਲੇ ਅਧੀਨ ਦੀਪੇਂਦਰ ਦੇ ਸਾਂਸਦ ਹੋਣ ਅਤੇ ਖੁਦ ਹੁੱਡਾ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਕਰਕੇ ਇਸ ਵਿੱਚ ਮੁਸ਼ਕਲ ਆਈ। ਇਸ ਦੇ ਚੱਲਦੇ ਆਖਰੀ ਪਲਾਂ ਵਿੱਚ ਕੁਲਦੀਪ ਬਿਸ਼ਨੋਈ ਦਾ ਪੱਤਾ ਕੱਟਣ ਲਈ ਹੁੱਡਾ ਨੇ ਦਲਿਤ ਨੇਤਾ ਉਦੈਭਾਨ ਦਾ ਨਾਂ ਅੱਗੇ ਰੱਖ ਦਿੱਤਾ ਤੇ ਉਸ ‘ਤੇ ਮੋਹਰ ਲਗਵਾ ਦਿੱਤੀ।
ਹਾਈਕਮਾਨ ਦੇ ਇਸ ਫੈਸਲੇ ਤੋਂ ਕੁਲਦੀਪ ਬਿਸ਼ਨੋਈ ਨਾਰਾਜ਼ ਹੋ ਗਏ। ਉਨ੍ਹਾਂ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ। ਕੁਲਦੀਪ ਬਿਸ਼ਨੋਈ ਨੇ ਹਾਈਕਮਾਨ ਦੇ ਸਾਹਮਣੇ ਨਾ ਸਿਰਫ ਆਪਣਾ ਸਟੈਂਡ ਸਾਫ ਕੀਤਾ, ਸਗੋਂ ਰਾਜ ਸਭਾ ਚੋਣਾਂ ‘ਚ ਵੀ ਜ਼ਮੀਰ ਦੀ ਆਵਾਜ਼ ‘ਤੇ ਵੋਟ ਪਾਉਣ ਦੀ ਗੱਲ ਕਹਿ ਕੇ ਹੁੱਡਾ ਧੜੇ ਦੀ ਚਿੰਤਾ ਵਧਾ ਦਿੱਤੀ। ਕੁਲਦੀਪ ਬਿਸ਼ਨੋਈ ਨੇ ਸ਼ੁੱਕਰਵਾਰ-ਸ਼ਨੀਵਾਰ ਅੱਧੀ ਰਾਤ ਨੂੰ ਰਾਜ ਸਭਾ ਸੀਟਾਂ ਲਈ ਹੋਈ ਵੋਟਾਂ ਦੀ ਗਿਣਤੀ ਵਿੱਚ ਕਾਂਗਰਸ ਉਮੀਦਵਾਰ ਅਜੈ ਮਾਕਨ ਦੀ ਹਾਰ ਨਾਲ ਹੁੱਡਾ ਤੋਂ ਆਪਣਾ ਬਦਲਾ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -: