ਪਾਕਿਸਤਾਨ ਦੇ ਇਤਿਹਾਸ ਵਿੱਚ 10 ਅਪ੍ਰੈਲ ਬਹੁਤ ਖਾਸ ਦਿਨ ਹੈ। ਇਸੇ ਦਿਨ ਪਾਕਿਸਤਾਨ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਇਸ ਤੋਂ ਇਲਾਵਾ ਉਥੇ ਦੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਹੁਣ ਇਸ ਦਿਨ ਦੇ ਇਤਿਹਾਸ ਵਿੱਚ ਇਮਰਾਨ ਖਾਨ ਸਰਕਾਰ ਦਾ ਚਲੇ ਜਾਣਾ ਵੀ ਸ਼ਾਮਲ ਹੋ ਗਿਆ ਹੈ। ਆਓ ਦੱਸਦੇ ਹਾਂ ਕਿ 10 ਅਪ੍ਰੈਲ ਨੂੰ ਪਾਕਿਸਤਾਨ ਵਿੱਚ ਕੀ ਵੱਡੀਆਂ ਤਬਦੀਲੀਆਂ ਹੋਈਆਂ ਹਨ-
15 ਅਗਸਤ 1947 ਦੀ ਅੱਧੀ ਰਾਤ ਨੂੰ ਭਾਰਤ ਦੇ ਟੁੱਟਣ ਨਾਲ ਪਾਕਿਸਤਾਨ ਬਣਿਆ। ਬ੍ਰਿਟਿਸ਼ ਲਾਰਡ ਮਾਊਂਟਬੇਟਨ ਨੇ 14 ਅਗਸਤ ਨੂੰ ਪਾਕਿਸਤਾਨ ਨੂੰ ਆਜ਼ਾਦ ਰਾਸ਼ਟਰ ਦਾ ਦਰਜਾ ਦੇ ਦਿੱਤਾ ਸੀ। ਇਸ ਲਈ ਪਾਕਿਸਤਾਨ ਵਿੱਚ ਆਜ਼ਾਦੀ ਦਾ ਜਸ਼ਨ 14 ਅਗਸਤ ਨੂੰ ਹੀ ਮਨਾਇਆ ਜਾਂਦਾ ਹੈ। ਪਾਕਿਸਤਾਨ ਵਿੱਚ ਲੰਮੇ ਸੈਨਿਕ ਸ਼ਾਸਨ ਦੇ ਖਾਤਮੇ ਤੋਂ ਬਾਅਦ ਜ਼ੁਲਫਿਕਾਰ ਅਲੀ ਭੁੱਟੋ ਇੱਕ ਲੋਕਤਾਂਤ੍ਰਿਕ ਨੇਤਾ ਵਜੋਂ ਉਭਰੇ।
1973 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਪਾਕਿਸਤਾਨ ਵਿੱਚ ਸੰਵਿਧਾਨ ਲਾਗੂ ਕਰਵਾਇਆ। ਪਾਕਿਸਤਾਨ ਦੇ ਸੰਵਿਧਾਨ ਨੂੰ ਉਥੇ ਆਈਨ-ਏ-ਪਾਕਿਸਤਾਨ ਤੇ ਦਸਤੂਰ-ਏ-ਪਾਕਿਸਤਾਨ ਕਿਹਾ ਜਾਂਦਾ ਹੈ। ਪਾਕਿਸਤਾਨ ਦਾ ਸੰਵਿਧਾਨ, ਸੰਵਿਧਾਨ ਸਭਾ ਵਲੋਂ 10 ਅਪ੍ਰੈਲ, 1973 ਨੂੰ ਪਾਰਿਤ ਤੇ 14 ਅਗਸਤ 1973 ਤੋਂ ਪ੍ਰਭਾਵੀ ਹੋਇਆ। ਇਸ ਦਾ ਖਰੜਾ ਜ਼ੁਲਫ਼ਿਕਾਰ ਅਲੀ ਭੁੱਟੋ ਦੀ ਸਰਕਾਰ ਤੇ ਵਿਰੋਧੀ ਧਿਰ ਨੇ ਮਿਲ ਕੇ ਤਿਆਰ ਕੀਤਾ।
ਧਰਮ ਦੇ ਨਾਂ ‘ਤੇ ਵੰਡੇ ਪਾਕਿਸਤਾਨ ਵਿੱਚ ਜਿਥੇ ਇੱਕ ਪਾਸੇ ਔਰਤਾਂ ਅੱਜ ਵੀ ਹੱਕ ਦੀ ਲੜਾਈ ਲੜ ਰਹੀਆਂ ਹਨ, ਉਥੇ ਬੇਨਜ਼ੀਰ ਭੁੱਟੋ ਉਥੇ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਰਹੀ ਸੀ। ਉਹ ਨਾ ਸਿਰਫ਼ ਪਾਕਿਸਤਾਨ ਦੀ 11ਵੀਂ ਪ੍ਰਧਾਨ ਮੰਤਰੀ, ਸਗੋਂ ਕਿਸੇ ਵੀ ਮੁਸਲਿਮ ਦੇਸ਼ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਬਣੀ। ਸਾਲ 1977 ਵਿੱਚ ਆਕਸਫੋਰਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਬੇਨਜ਼ੀਰ ਵਿਦੇਸ਼ ਸੇਵਾ ਵਿੱਚ ਜਾਣਾ ਚਾਹੁੰਦੀ ਸੀ। ਉਦੋਂ ਉਨ੍ਹਾਂ ਦੇ ਪਿਤਾ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ।
ਇੰਨਾ ਹੀ ਨਹੀਂ ਭੁੱਟੋ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਮੁਲਕ ਤੋਂ ਬਾਹਰ ਦਾ ਰਸਤਾ ਵੇਖਣਾ ਪਿਆ। ਭੁੱਟੋ ਪਰਿਵਾਰ ਨੂੰ ਬ੍ਰਿਟੇਨ ਵਿੱਚ ਜਾਣਾ ਪਿਆ। ਇਸ ਤੋਂ ਬਾਅਦ ਦੇ 7 ਸਾਲ ਬੇਨਜ਼ੀਰ ਭੁੱਟੋ ਪਾਕਿਸਤਾਨ ਵਿੱਚ ਕਾਫੀ ਲੋਕਪ੍ਰਿਯ ਹੋ ਚੁੱਕੀ ਸੀ। ਸਾਲ 1986 ਵਿੱਚ 10 ਅਪ੍ਰੈਲ ਨੂੰ ਹੀ ਬੇਨਜ਼ੀਰ ਭੁੱਟੋ ਨਿਰਵਾਸਨ ਤੋਂ ਪਰਤੀ ਉਹ ਸਾਲ 1988 ਵਿੱਚ ਚੋਣਾਂ ਜਿੱਤ ਕੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਸਾਲ ਵੀ ਪਾਕਿਸਤਾਨ ਵਿੱਚ 10 ਅਪ੍ਰੈਲ ਦਾ ਦਿਨ ਇਤਿਹਾਸ ਵਿੱਚ ਦਰਜ ਹੋਵੇਗਾ। 10 ਅਪ੍ਰੈਲ ਨੂੰ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਰਾਹੀਂ ਕੁਰਸੀ ਤੋਂ ਹਟਾ ਦਿੱਤਾ ਗਿਆ ਹੈ। ਕਈ ਦਿਨਾਂ ਤੋਂ ਚੱਲ ਰਹੇ ਸਿਆਸੀ ਘਸਮਾਸਾਨ ਵਿਚਾਲੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਸ਼ਨੀਵਾਰ ਦੇਰ ਰਾਤ ਇਮਰਾਨ ਖਾਨ ਸਰਕਾਰ ਖਿਲਾਫ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਈ, ਜਿਸ ਦੇ ਸਮਰਥਨ ਵਿੱਚ 174 ਵੋਟਾਂ ਪਈਆਂ, ਇਸ ਤੋਂ ਬਾਅਦ ਇਮਰਾਨ ਖਾਨ ਦੇ ਹੱਥੋਂ ਪਾਕਿਸਤਾਨ ਦੀ ਸੱਤਾ ਚਲੀ ਗਈ।