Covid and Cow Cess continues : ਸ਼ਰਾਬ ਪੀਣ ਵਾਲਿਆਂ ਨੂੰ ਅਗਲੇ 9 ਮਹੀਨਿਆਂ ਲਈ ਇੰਝ ਹੀ ਜੇਬ ਢਿੱਲੀ ਕਰਨੀ ਪਏਗੀ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ 2020-21 ਐਕਸਾਈਜ਼ ਪਾਲਿਸੀ ਵਿਚ ਹਰ ਤਰ੍ਹਾਂ ਦੀ ਸ਼ਰਾਬ ਦੀ ਰਿਟੇਲ ਵਿਕਰੀ ’ਤੇ 5 ਫੀਸਦੀ ਕੋਵਿਡ ਸੈੱਸ ਨਾਲ ਹੀ ਗਊ ਸੈੱਸ ਲਗਣਾ ਵੀ ਜਾਰੀ ਰਹੇਗੀ, ਜਿਸ ਕਾਰਨ ਸ਼ਰਾਬ ਇਸੇ ਤਰ੍ਹਾਂ ਮਹਿੰਗੇ ਰੇਟਾਂ ’ਤੇ ਹੀ ਮਿਲੇਗੀ।
ਇਸ ਵਿਚ ਕੋਵਿਡ ਸੈੱਸ 31 ਦਸੰਬਰ 2020 ਤੱਕ ਲਗਾਇਆ ਗਿਆ ਹੈ। ਇਹ ਸੈੱਸ ਹੋਲਸੇਲ ਲਾਈਸੈਂਸੀ ਵੱਲੋਂ ਨਗਰ ਨਿਗਮ ਦੇ ਡੈਡੀਕੇਟਿਡ ਅਕਾਊਂਟ ਵਿਚ ਜਮ੍ਹਾ ਕਰਵਾਇਆ ਜਾਵੇਗਾ। ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਠੇਕਿਆਂ ਦੀ ਅਲਾਟਮੈਂਟ ਈ-ਟੈਂਡਰਿੰਗ ਰਾਹੀਂ ਹੀ ਹੋਵੇਗੀ ਅਤੇ ਪਰਮਿਟ ਪਾਸ ਵੀ ਆਨਲਾਈਨ ਹੀ ਜਾਰੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਨਵੀਂ ਪਾਲਿਸੀ ਅਧੀਨ ਠੇਕਿਆਂ ਦੀ ਗਿਣਤੀ 95 ਤੋਂ ਘਟਾ ਕੇ 94 ਕਰ ਦਿੱਤੀ ਗਈ ਹੈ। ਇਕ ਲਿਕਰ ਵੈਂਡਰ ਨੂੰ ਸਿਰਫ 10 ਹੀ ਠੇਕਿਆਂ ਦੀ ਅਲਾਟਮੈਂਟ ਕੀਤੀ ਜਾਵੇਗੀ, ਜੋਕਿ 23 ਜੂਨ ਤੋਂ 25 ਜੂਨ ਦੇ ਵਿਚਕਾਰ ਕਰ ਦਿੱਤੀ ਜਾਵੇਗੀ, ਜਿਸ ਲਈ ਵੀਰਵਾਰ ਨੂੰ ਅੰਤਿਮ ਤਰੀਕ ਦਾ ਫੈਸਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਪਾਲਿਸੀ ਵਿਚ ਗਊ ਸੈੱਸ ਵੀ ਲਾਗੂ ਹੋਵੇਗਾ। ਗਊ ਸੈੱਸ ਕੰਟਰੀ ਲਿਕਰ ਦੀ 750 ਐਮਐਲ ਬੋਤਲ ’ਤੇ 5 ਰੁਪਏ, ਬੀਅਰ ਦੀ 650 ਐਮਐਲ ਬੋਤਲ ’ਤੇ 5 ਰੁਪਏ, ਵ੍ਹਿਸਕੀ ਦੀ 750 ਐਮਐਲ ਬੋਤਲ ’ਤੇ 10 ਰੁਪਏ ਲਗਾਇਆ ਜਾਵੇਗਾ, ਜਿਸ ਨਾਲ ਪਹਿਲਾਂ ਹੀ ਲਿਕਰ ਦੇ ਰੇਟਾਂ ਵਿਚ ਵਾਧਾ ਹੋ ਚੁੱਕਾ ਹੈ। ਪ੍ਰਸ਼ਾਸਨ ਵੱਲੋਂ ਸਵੱਛ ਭਾਰਤ ਮਿਸ਼ਨ ਨੂੰ ਉਤਸ਼ਾਹਿਤ ਕਰਨ ਲਈ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਰਿਟੇਲ ਲਾਇਸੈਂਸੀ ਨੂੰ ਦੁਕਾਨ ਅੰਦਰ ਅਤੇ ਬਾਹਰ ਸਫਾਈ ਵਿਵਸਥਾ ਬਣਾ ਕੇ ਰਖਣੀ ਹੋਵੇਗੀ। ਅਜਿਹਾ ਨਾ ਕਰਨ ’ਤੇ ਪਹਿਲੀ ਵਾਰ 10 ਹਜ਼ਾਰ ਰੁਪਏ ਦੀ ਪੈਨਲਟੀ ਲਗਾਈ ਜਾਵੇਗੀ ਅਤੇ ਦੂਜੀ ਵਾਰ ਇਸ ਵਿਚ 20 ਹਜ਼ਾਰ ਰੁਪਏ ਦੀ ਪੈਨਲਟੀ ਭਰਨੀ ਪਏਗੀ।