ਲੁਧਿਆਣਾ ਦੇ ਕਸਬਾ ਕੋਹਾੜਾ ਵਿਚ 8 ਦੁਕਾਨਾਂ ਅੱਗ ਲੱਗਣ ਨਾਲ ਸੁਆਹ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਕ ਦੁਕਾਨ ਵਿਚ ਵਿਅਕਤੀ ਨਾਜਾਇਜ਼ ਤੌਰ ‘ਤੇ ਸਿਲੰਡਰ ਭਰਨ ਦਾ ਕੰਮ ਕਰਦਾ ਸੀ। ਇਸੇ ਵਿਚ ਕਿਸੇ ਸਿਲੰਡਰ ਤੋਂ ਗੈਸ ਲੀਕ ਹੋ ਗਈ। ਗੈਸ ਦੀ ਲੀਕੇਜ ਦੇ ਬਾਅਦ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ। ਧਮਾਕਿਆਂ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕਾਂ ਵਿਚ ਵੀ ਭੱਜਦੜ ਮਚ ਗਈ।
ਦੁਕਾਨਦਾਰ ਜਦੋਂ ਤੱਕ ਅੱਗ ਲੱਗਣ ਦੇ ਕਾਰਨਾਂ ਨੂੰ ਸਮਝ ਪਾਉਂਦੇ ਉੁਦੋਂ ਤੱਕ ਦੁਕਾਨ ਵਿਚ ਧਮਾਕੇ ਹੋਣ ਲੱਗੇ। ਇਸ ਵਿਚ ਨਾਲ ਲੱਗਦੇ 7 ਤੋਂ 8 ਦੁਕਾਨਾਂ ਤੱਕ ਅੱਗ ਪਹੁੰਚ ਗਈ। ਅੱਗ ਨੇ ਦੁਕਾਨਾਂ ਦਾ ਸਾਰਾ ਸਾਮਾਨ ਚਪੇਟ ਵਿਚ ਲੈ ਕੇ ਰਾਖ ਕਰ ਦਿੱਤਾ। ਘਟਨਾ ਵਾਲੀ ਥਾਂ ‘ਤੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ।
ਘਟਨਾ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਨੇ ਸੂਚਿਤ ਕੀਤਾ। ਕੁਝ ਹੀ ਦੇਰ ਵਿਚ ਸਮਰਾਲਾ, ਫੋਕਲ ਪੁਆਇੰਟ, ਸੁੰਦਰ ਆਦਿ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਮੁਲਾਜ਼ਮ ਮੌਕੇ ‘ਤੇ ਪਹੁੰਚੇ।
ਅੱਗ ਇੰਨੀ ਭਿਆਨਕ ਸੀ ਕਿ ਕਈ ਕਿਲੋਮੀਟਰ ਦੂਰ ਤੋਂ ਹੀ ਅੱਗ ਦੀਆਂ ਲਪਟਾਂ ਲੋਕਾਂ ਨੂੰ ਦਿਖਾਈ ਦੇ ਰਹੀਆਂ ਸਨ। 2 ਲੋਕ ਵੀ ਅੱਗ ਦੀ ਲਪੇਟ ਵਿਚ ਆਏ ਹਨ। ਝੁਲਸੇ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੀੜਤਾਂ ਨੂੰ ਪਹਿਲਾਂ ਕੂੰਮਕਲਾਂ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਫਸਟ ਏਡ ਦੇ ਕੇ ਤੁਰੰਤ ਲੁਧਿਆਣਾ ਹਸਪਤਾਲ ਵਿਚ ਰੈਫਰ ਕੀਤਾ ਗਿਆ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਦੁਕਾਨ ਤੋਂ ਅੱਗ ਲੱਗਣ ਦੀ ਸ਼ੁਰੂਆਤ ਹੋਈ ਉਥੇ ਨਾਜਾਇਜ਼ ਤੌਰ ‘ਤੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ਵਿਚ ਗੈਸ ਭਰੀ ਜਾਂਦੀ ਸੀ। ਕਈ ਵਾਰ ਇਸ ਗੈਰ-ਕਾਨੂੰਨੀ ਕਾਰੋਬਾਰ ਦੀ ਪੁਲਿਸ ਨੂੰ ਵੀ ਲੋਕਾਂ ਨੇ ਸੂਚਨਾ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ
ਅੱਗ ਬੁਝਾਉਣ ਵਿਚ ਫਾਇਰ ਬ੍ਰਿਗੇਡ ਨੂੰ ਘੱਟ ਤੋਂ ਘੱਟ ਡੇਢ ਘੰਟੇ ਦਾ ਸਮਾਂ ਲੱਗਾ। ਅੱਗ ਦੀਆਂ ਲਪਟਾਂ ਨੇ ਭਾਂਡੇ, ਸਾਈਕਲ ਮੁਰੰਮਤ, ਸਿਗਰੇਟ ਤੇ ਸਬਜ਼ੀਆਂ ਦੀਆਂ ਅਸਥਾਈ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲਿਆ। ਸਥਾਨਕ ਲੋਕਾਂ ਨੇ ਕਿਹਾ ਕਿ ਕਿਉਂਕਿ ਅਸਥਾਈ ਦੁਕਾਨਾਂ ਲੱਕੜੇ ਦੇ ਲੱਠਿਆਂ ਤੇ ਤਿਰ੍ਪਾਲ ਦੀਆਂ ਚਾਦਰਾਂ ਨਾਲ ਬਣੀਆਂ ਸਨ, ਇਸ ਲਈ ਅੱਗ ਜਲਦੀ ਫੈਲ ਗਈ।
ਪੁਲਿਸ ਚੌਕੀ ਰਾਮਗੜ੍ਹ ਦੇ ਇੰਚਾਰਜ ਏਐੱਸਆਈ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: