ਦੇਸ਼ ਭਗਤ ਯੂਨੀਵਰਸਿਟੀ ਦੀ ਐੱਮ.ਏ. ਪੰਜਾਬੀ ਦੇ ਚੌਥੇ ਸਮੈਸਟਰ ਦੀ ਵਿਦਿਆਰਥਣ ਸੁਖਦੀਪ ਕੌਰ ਮੰਡੇਰ ਨੇ 10 ਜੁਲਾਈ 2022 ਨੂੰ ਲੁਧਿਆਣਾ ਵਿਖੇ ਹੋਏ ਮਿਸ ਇੰਡੀਆ ਪੰਜਾਬਣ ਸੈਮੀਫਾਈਨਲ ਵਿੱਚ ਸੈਕੰਡ ਰਨਰ-ਅੱਪ ਦਾ ਖਿਤਾਬ ਜਿੱਤ ਲਿਆ ਹੈ।
ਜ਼ਿਲ੍ਹਾ ਪੱਧਰ ‘ਤੇ ਮਿਸ ਪੰਜਾਬਣ ਮੁਕਾਬਲਾ 26 ਜੂਨ 2022, ਨੂੰ ਕਰਵਾਇਆ ਗਿਆ ਸੀ, ਜਿੱਥੇ ਸੁਖਦੀਪ ਕੌਰ ਨੂੰ ਮਿਸ ਫਤਿਹਗੜ੍ਹ ਸਾਹਿਬ ਚੁਣਿਆ ਗਿਆ ਸੀ। ਇਸ ਸੁੰਦਰਤਾ ਮੁਕਾਬਲੇ ਦਾ ਫਾਈਨਲ “ਮਿਸ ਵਰਲਡ ਪੰਜਾਬਣ” ਨਵੰਬਰ ਮਹੀਨੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਅੰਤਰਰਾਸ਼ਟਰੀ ਪੱਧਰ ‘ਤੇ ਕਰਵਾਇਆ ਜਾਵੇਗਾ, ਜਿਥੇ ਸੁਖਦੀਪ ਕੌਰ ਤਾਜ ਜਿੱਤਣ ਲਈ ਹਿੱਸਾ ਲਵੇਗੀ।
ਇਹ ਸੁੰਦਰਤਾ ਮੁਕਾਬਲਾ “ਸੱਭਿਆਚਾਰਕ ਸੱਥ ਪੰਜਾਬ” ਸੰਸਥਾ ਵੱਲੋਂ ਸੰਸਥਾ ਦੇ ਸੰਚਾਲਕ ਜਸਮੇਰ ਸਿੰਘ ਢੱਟ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸੁਖਦੀਪ ਕੌਰ ਇਸ ਤੋਂ ਪਹਿਲਾਂ ਬਠਿੰਡਾ ਵਿਖੇ ਹੋਏ ਮਿਸ ਮਾਲਵਾ ਪੰਜਾਬਣ 2021 ਮੁਕਾਬਲੇ ਨੂੰ ਵੀ ਜਿੱਤ ਚੁੱਕੀ ਹੈ।
ਇਸ ਮੌਕੇ ‘ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸੁਖਦੀਪ ਕੌਰ ਨੂੰ ਅਸ਼ੀਰਵਾਦ ਦਿੱਤਾ ਅਤੇ ਉਸਦੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਦਿੱਤਾ। ਮਾਣਯੋਗ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਸੁਖਦੀਪ ਕੌਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਸੁਖਦੀਪ ਕੌਰ ਨੂੰ ਯੂਨੀਵਰਸਿਟੀ ਦੀ ਸਟਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਵਿਸ਼ਵ ਪੱਧਰ ‘ਤੇ ਫੈਲਾਉਣ ਲਈ ਉਹ ਜੋ ਉਪਰਾਲੇ ਕਰ ਰਹੀ ਹੈ, ਉਹ ਸ਼ਲਾਘਾਯੋਗ ਹੈ।
ਡਾਇਰੈਕਟਰ, ਪ੍ਰੋਫੈਸਰ ਦਵਿੰਦਰ ਕੁਮਾਰ ਨੇ ਸੁਖਦੀਪ ਕੌਰ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੁਖਦੀਪ ਨੇ ਵਿਭਾਗ ਅਤੇ ਦੇਸ਼ ਭਗਤ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਪ੍ਰਾਪਤੀ ਨੇ ਪਿੰਡਾਂ ਦੀਆਂ ਕੁੜੀਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਵਿਭਾਗ ਹੋਰ ਵਿਦਿਆਰਥੀਆਂ ਨੂੰ ਵੀ ਅਜਿਹੇ ਮੁਕਾਬਲਿਆਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਭਾਗ ਲੈਣ ਲਈ ਉਤਸ਼ਾਹਿਤ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: