DC Sangrur arrives at Shaheed : ਲੱਦਾਖ ’ਚ ਗਲਵਾਨ ਘਾਟੀ ਵਿਖੇ ਭਾਰਤ-ਚੀਨੀ ਫੌਜੀਆਂ ਦੀ ਝੜਪ ਵਿਚ ਸ਼ਹੀਦ ਹੋਏ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਸ਼ਹੀਦ ਗੁਰਵਿੰਦਰ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਜ਼ਿਲਾ ਮੁਖੀ ਸੰਦੀਪ ਗਰਗ ਉਸ ਦੇ ਪਰਿਵਾਰ ਕੋਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਦਮਦਰਦੀ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਭਾਰਤ-ਚੀਨ ਫੌਜ ਦੀ ਹੋਈ ਹਿੰਸਕ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋਏ, ਜਿਨ੍ਹਾਂ ਵਿਚ ਸ਼ਾਮਲ ਚਾਰ ਪੰਜਾਬ ਦੇ ਜਵਾਨਾਂ ਵਿਚ ਪਿੰਡ ਤੋਲਾਵਾਲ ਦਾ ਫੌਜੀ ਗੁਰਵਿੰਦਰ ਸਿੰਘ ਵੀ ਸੀ. ਜਿਵੇਂ ਹੀ ਬੁੱਧਵਾਰ ਨੂੰ ਗੁਰਵਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਦੇਸ਼ ਦੀ ਖਾਤਿਰ ਸ਼ਹੀਦ ਹੋਏ 22 ਸਾਲਾ ਗੁਰਵਿੰਦਰ ਸਿੰਘ ਪੁੱਤਰ ਲਾਭ ਸਿੰਘ ਆਪਣੇ ਭਰਾ-ਭੈਣ ਤੋਂ ਛੋਟਾ ਸੀ। ਢਾਈ ਕੁ ਸਾਲ ਪਹਿਲਾਂ ਪੌਜ ਵਿਚ ਭਰਤੀ ਹੋਏ ਗੁਰਵਿੰਦਰ ਸਿੰਘ ਦਾ ਭਰਾ ਅਤੇ ਭੈਣ ਵਿਆਹੇ ਹੋਏ ਹਨ।
ਗੁਰਵਿੰਦਰ ਸਿੰਘ 24 ਮਾਰਚ 2018 ਨੂੰ ਪੰਜਾਬ ਰੈਜੀਮੈਂਟ ’ਚ ਭਰਤੀ ਹੋਇਆ ਸੀ। ਸ਼ਹੀਦ ਦੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ 22 ਦਿਨ ਪਹਿਲਾਂ ਹੀ ਗੁਰਵਿੰਦਰ ਸਿੰਘ ਨਾਲ ਗੱਲ ਹੋਈ ਸੀ। ਉਸ ਦੀ ਸ਼ਹਾਦਤ ਦੀ ਖਬਰ ਸਵੇਰੇ ਸਾਢੇ ਨੌ ਵਜੇ ਪਰਿਵਾਰ ਵਾਲਿਆਂ ਨੂੰ ਫੌਜ ਵੱਲੋਂ ਮਿਲੀ। ਸ਼ਾਮ ਤੱਕ ਗੁਰਵਿੰਦਰ ਸਿੰਘ ਦੀ ਸ਼ਹਾਦਤ ਬਾਰੇ ਮਾਂ ਚਰਣਜੀਤ ਕੌਰ ਨੂੰ ਦੱਸਣ ਦੀ ਕੋਈ ਹਿੰਮਤ ਨਹੀਂ ਕਰ ਸਕਿਆ ਸੀ। ਅੱਜ ਸ਼ਾਮ ਤੱਕ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਵਿਚ ਪਹੁੰਚੇਗੀ। ਦੱਸਮਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਹੀ ਗੁਰਵਿੰਦਰ ਦੀ ਮੰਗਣੀ ਹੋਈ ਸੀ ਅਤੇ ਨਵੰਬਰ ਵਿਚ ਉਸ ਦਾ ਵਿਆਹ ਹੋਣ ਵਾਲਾ ਸੀ।