ਪੰਜਾਬ ‘ਚ ਆਏ ਦਿਨ ਕਰਜ਼ੇ ਤੋਂ ਦੁਖੀ ਕਿਸਾਨਾਂ ਵੱਲੋਂ ਆਪਣੀ ਜਾਨ ਦੇਣ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਤੋਂ, ਜਿਥੇ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਕਿਯੂ ਡਕੌਂਦਾ ਧੜੇ ਦੇ ਆਗੂ ਹਰਦੇਵ ਸਿੰਘ ਰਾਠੀ ਨੇ ਦੱਸਿਆ ਕਿ ਪਿੰਡ ਬੁਰਜ ਰਾਠੀ ਦਾ ਰਹਿਣ ਵਾਲਾ ਕਿਸਾਨ ਗੁਰਪਾਲ ਸਿੰਘ ਉਰਫ਼ ਭੋਲਾ (55) ਢਾਈ ਏਕੜ ਜ਼ਮੀਨ ਦਾ ਮਾਲਕ ਸੀ, ਪਰ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਉਹ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ।
ਇੱਕ ਛੋਟਾ ਕਿਸਾਨ ਹੋਣ ਕਰਕੇ ਉਸ ਕੋਲ ਆਪਣੀ ਫ਼ਸਲ ਦੀ ਸਿੰਚਾਈ ਕਰਨ ਦਾ ਕੋਈ ਸਾਧਨ ਨਹੀਂ ਸੀ। ਮਜ਼ਬੂਰੀ ਵਿਚ ਉਸ ਨੂੰ ਨਰਮੇ ਦੀ ਖੇਤੀ ਕਰਨੀ ਪਈ। ਕਦੇ ਨਰਮੇ ਦੀ ਫਸਲ ਕਦੇ ਸੁੰਡੀ ਤਾਂ ਕਦੇ ਘਟੀਆ ਬੀਜਾਂ ਕਰਕੇ ਠੀਕ ਨਹੀਂ ਹੁੰਦੀ ਸੀ ਅਤੇ ਉਹ ਠੇਕੇ ਦੀ ਕਿਸ਼ਤ ਵੀ ਨਹੀਂ ਕੱਢ ਸਕਦਾ ਸੀ। ਇਹੀ ਕਾਰਨ ਹੈ ਕਿ ਕਿਸਾਨ ਗੁਰਪਾਲ ਸਿੰਘ ਅੱਠ ਲੱਖ ਰੁਪਏ ਦਾ ਕਰਜ਼ਦਾਰ ਹੋ ਗਿਆ।
ਇਹ ਵੀ ਪੜ੍ਹੋ : ਗਵਰਨਰ ਖਿਲਾਫ਼ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਬਜਟ ਸੈਸ਼ਨ ਦੀ ਮਨਜ਼ੂਰੀ ਨਾਲ ਮਿਲਣ ‘ਤੇ ਐਕਸ਼ਨ
ਗੁਰਪਾਲ ਸਿਰ ‘ਤੇ ਚੜ੍ਹੇ ਕਰਜ਼ੇ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਰਹਿਣ ਲੱਗਾ। ਉਸ ਨੇ 25 ਫਰਵਰੀ ਦੀ ਸ਼ਾਮ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਾਕਿਯੂ ਡਕੌਂਦਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: