Doctors at ESI Hospital accuse : ਜਲੰਧਰ : ਸਿਵਲ ਹਸਪਤਾਲ ਵਿਚ ਕੋਵਿਡ ਕੇਅਰ ਸੈਂਟਰ ਬਣਨ ਤੋਂ ਬਾਅਦ ਈਐਸਆਈ ਹਸਪਤਾਲ ਵਿਚ ਨਾਨ-ਕੋਵਿਡ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਮਾਮਲੇ ਵਿਚ ਟੀਬੀ ਨਾਲ ਮਰੇ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲਾਸ਼ ਘਰ ਲਿਜਾਣ ਲਈ ਵੀ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਦਕਿ ਹਸਪਤਾਲ ਪ੍ਰਬੰਧਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਮ੍ਰਿਤਕ ਦੇ ਪਿਤਾ ਸ਼ਕਤੀ ਦਾ ਕਹਿਣਾ ਹੈ ਕਿ ਉਸ ਦੇ 23 ਸਾਲਾ ਬੇਟੇ ਪੰਕਜ ਨੂੰ ਟੀਬੀ ਸੀ। ਟੀਬੀ ਦੇ ਸੈਂਪਲਾਂ ਦੀ ਜਾਂਚ ਲਈ ਉਸ ਨੂੰ ਹਸਪਤਾਲ ਦਾ ਸਟਾਫ ਵਾਰ-ਵਾਰ ਚੱਕਰ ਲਗਵਾ ਰਿਹਾ ਸੀ। ਐਤਵਾਰ ਨੂੰ ਉਨ੍ਹਾਂ ਦੇ ਬੇਟੇ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਉਹ ਉਸ ਨੂੰ ਹਸਪਤਾਲ ਵਿਚ ਦਾਖਿਲ ਕਰਵਾਉਣ ਲਿਆਏ ਤਾਂ ਸਟਾਫ ਉਸ ਨੂੰ ਦਾਖਲ ਕਰਨ ਲਈ ਨਾਂਹ-ਨੁਕਰ ਕਰਨ ਲੱਗਾ। ਇਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਈਐਸਆਈ ਹਸਪਤਾਲ ਵਿਚ ਦਾਖਲ ਕੀਤਾ ਗਿਆ। ਪਰਿਵਾਕ ਮੈਂਬਰਾਂ ਨੇ ਦੋਸ਼ ਲਗਾਏ ਕਿ ਡਾਕਟਰਾਂ ਨੇ ਉਨ੍ਹਾਂ ਦੇ ਬੇਟੇ ਦੀ ਜਾਂਚ ਨਹੀਂ ਕੀਤੀ। ਇਸ ਗੱਲ ਨਾਲ ਉਨ੍ਹਾਂ ਦਾ ਬੇਟਾ ਤਣਾਅ ਵਿਚ ਸੀ। ਹਸਪਤਾਲ ਦਾ ਛਾਤੀ ਰੋਗ ਮਾਹਿਰ ਸਿਰਫ ਇਕ ਹੀ ਵਾਰ ਉਸ ਨੂੰ ਦੇਖਣ ਆਇਆ। ਵੀਰਵਾਰ ਨੂੰ ਦੇਰ ਰਾਤ ਉਸ ਦੀ ਮੌਤ ਹੋ ਗਈ।
ਮੌਤ ਤੋਂ ਬਾਅਦ ਮ੍ਰਿਤਕ ਨੂੰ ਖੁਦ ਹੀ ਸਟੇਚਰ ’ਚ ਪਾ ਕੇ ਉਹ ਵਾਰਡ ਤੋਂ ਹੇਠਾਂ ਆਏ ਤਾਂ ਉਨ੍ਹਾਂ ਨੂੰ ਲਾਸ਼ ਘਰ ਲਿਜਾਣ ਲਈ ਵੀ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਧਰ ਈਐਸਆਈ ਹਸਪਤਾਲਦੀ ਮੈਡੀਕ ਸੁਪਰਿੰਟੈਂਡੈਂਟ ਡਾ. ਲਵਲੀਨ ਗਰਗ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਰੀਜ਼ ਕੋਰੋਨਾ ਕਾਲ ਤੋਂ ਪਹਿਲਾਂ ਤੋਂ ਹੀ ਟੀਬੀ ਦਾ ਮਰੀਜ਼ ਸੀ ਅਤੇ ਉਸ ਨੇ ਦਵਾਈ ਖਾਣੀ ਛੱਡ ਦਿੱਤੀ ਸੀ, ਜਿਸ ਨਾਲ ਉਹ ਡਿਫਾਲਟਰ ਹੋ ਗਿਆ ਸੀ। ਟੀਬੀ ਕਾਰਨ ਉਸ ਦੇ ਫੇਫੜੇ ਖਰਾਬ ਹੋ ਚੁੱਕੇ ਸਨ। ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਸੀ। ਮ੍ਰਿਤਕ ਦੀ ਫਾਈਲ ਮੰਗਵਾ ਕੇ ਡੂੰਘੀ ਜਾਂਚ-ਪੜਤਾਲ ਕਰਨ ਲਈ ਰਿਪੋਰਟ ਵਿਭਾਗ ਦੀ ਡਾਇਰੈਕਟਰ ਨੂੰ ਸੌਂਪ ਦਿਤੀ ਹੈ।