ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਐੱਸ.ਐੱਸ.ਪੀ. ਜਲੰਧਰ ਇਥੇ ਦੇ ਗੰਨਾ ਪਿੰਡ ਵਿੱਚ ਤੜਕੇ ਹੀ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਪਿੰਡ ਦੇ ਘਰਾਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ। ਇੱਕ ਘਰ ਵਿੱਚੋਂ ਡੋਡਿਆਂ ਦੀ ਬਰਾਮਦਗੀ ਵੀ ਹੋਈ। ਪੁਲਿਸ ਵੱਲੋਂ ਘਰ ਦੀ ਇਕੱਲੀ-ਇਕੱਲੀ ਚੀਜ਼ ਜਿਵੇਂ ਟਰੰਕ, ਡਰੰਮ, ਪੇਟੀਆਂ, ਕੱਪੜੇ ਤੱਕ ਫਰੋਲੇ ਗਏ ਕਿ ਕਿਤੇ ਹੋਰ ਤਾਂ ਨਸ਼ਾ ਲੁਕਾ ਕੇ ਨਹੀਂ ਰਖਿਆ।
ਦੱਸ ਦੇਈਏ ਕਿ ਜਲੰਧਰ ਪੁਲਿਸ ਨੇ ਐੱਸ.ਟੀ.ਐੱਫ. ਟੀਮ ਨਾਲ ਮਿਲ ਕੇ ਅੱਜ ਇਹ ਸਾਂਝੀ ਮੁਹਿੰਮ ਚਲਾਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਪਿੰਡ ਵਿੱਚ ਨਸ਼ਾ ਧੜੱਲੇ ਨਾਲ ਵਿਕਦਾ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਦੇ ਕਈ ਘਰਾਂ ਵਿੱਚ ਛਾਪੇ ਮਾਰੇ।
ਪਿੰਡ ਵਾਲਿਆਂ ਦਾ ਵੀ ਕਹਿਣਾ ਹੈ ਕਿ ਇਥੇ ਨਸ਼ਾ ਲੈਣ ਬਾਹਰੋਂ ਵੀ ਲੋਕ ਆਉਂਦੇ ਹਨ। ਡੋਡੇ, ਚਿੱਟੇ ਵਰਗਾ ਨਸ਼ਾ ਇਥੇ ਖੁੱਲ੍ਹੇਆਮ ਵੇਚਿਆ ਜਾਂਦਾ ਹੈ। ਇਸ ਦੌਰਾਨ ਪੁਲਿਸ ਨੇ ਇੱਕ ਸ਼ਖਸ ਨੂੰ ਪੁੱਛਗਿੱਛ ਲਈ ਫੜਿਆ, ਜਿਸ ਨੇ ਦੱਸਿਆ ਕਿ ਉਹ ਨਸ਼ਾ ਵੇਚਦਾ ਨਹੀਂ ਪਰ ਨਸ਼ਾ ਕਰਦਾ ਹੈ। ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਦੇ ਬਦਲੇ ਉਸ ਨੂੰ ਚਿੱਟਾ ਦੇ ਦਿੱਤਾ ਜਾਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਸੱਤ-ਅੱਠ ਘਰ ਨੇ ਜਿਥੇ ਨਸ਼ਾ ਵੇਚਿਆ ਜਾਂਦਾ ਹੈ।
ਪੁਲਿਸ ਨੇ ਇਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਡੋਡੇ ਦੀ ਇੱਕ ਪੁੜੀ 50-100 ਰੁਪਏ ਵਿੱਚ ਵੇਚਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਗੰਨਾ ਪਿੰਡ ਐੱਮ.ਪੀ. ਸੰਤੋਖ ਚੌਧਰੀ ਵੱਲੋਂ ਗੋਦ ਲਿਆ ਗਿਆ ਸੀ ਤੇ ਹੁਣ ਇਸ ਪਿੰਡ ਦਾ ਇਹ ਹਾਲ ਹੋ ਚੁੱਕਾ ਹੈ ਕਿ ਦੂਰੋਂ-ਦੂਰੋਂ ਲੋਕ ਇਥੇ ਨਸ਼ਾ ਖਰੀਦਣ ਲਈ ਆਉਂਦੇ ਹਨ।
ਪੁਲਿਸ ਨੇ ਸਰਚ ਆਪ੍ਰੇਸ਼ਨ ਦੌਰਾਨ ਕਈ ਘਰਾਂ ਦੀ ਤਲਾਸ਼ੀ ਲਈ। ਅਜੇ ਵੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਜਿਨ੍ਹਾਂ ਘਰਾਂ ਵਿੱਚ ਨਸ਼ਾ ਮਿਲਣ ਦੀ ਸੂਚਨਾ ਹੈ ਉਥੇ ਜਾ ਕੇ ਪੁਲਿਸ ਇਕੱਲੀ-ਇਕੱਲੀ ਚੀਜ਼ ਫਰੋਲ ਕੇ ਤਲਾਸ਼ੀ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: