ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ‘ਚ ਇਸ ਮਹੀਨੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਅੜਿੱਕੇ ਦੂਰ ਕਰਕੇ ਸੂਬੇ ਦੇ 13,000 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸ ਸਬੰਧੀ ਅਧਿਆਪਕਾਂ ਨੂੰ ਬਕਾਇਦਾ ਨਿਯੁਕਤੀ ਪੱਤਰ ਵੀ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਹਰਜੋਤ ਬੈਂਸ ਨੇ ਪ੍ਰੈਸ ਕਾਨਫ਼ਰੰਸ ਵਿੱਚ ਦਿੱਤੀ ਹੈ।
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅਧਿਆਪਕ ਦੱਸਦੇ ਹਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਉਹ ਕਈ ਸਾਲਾਂ ਤੱਕ ਧਰਨੇ ਦਿੰਦੇ ਸਨ। ਪਰ ਕਿਸੇ ਨੇ ਪਰਵਾਹ ਨਹੀਂ ਕੀਤੀ। ਪਰ ਹੁਣ ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਦੀ ਸੁਣ ਲਈ ਹੈ। ਉਨ੍ਹਾਂ ਕਹਿ ਕਿ ਹੁਣ ਸਕੂਲਾਂ ਦਾ ਮਿਆਰ ਬਦਲ ਗਿਆ ਹੈ, ਤਸਵੀਰ ਬਦਲ ਗਈ ਹੈ। ਹੁਣ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰ ਨੇ ਸਕੂਲਾਂ ਨੂੰ ਕਿਤਾਬਾਂ ਵੀ ਭੇਜ ਦਿੱਤੀਆਂ ਹਨ ਅਤੇ ਵਰਦੀਆਂ ਲਈ ਫੰਡ ਵੀ ਭੇਜ ਦਿੱਤੇ ਹਨ।
ਇਹ ਵੀ ਪੜ੍ਹੋ : ਐਪਲ ਨਾਲ ਧੋਖਾਧੜੀ ! ਭਾਰਤੀ ਮੂਲ ਦੇ ਕਰਮਚਾਰੀ ਨੇ ਕੰਪਨੀ ਨਾਲ 138 ਕਰੋੜ ਰੁ: ਕੀਤਾ ਫਰੌਡ
ਸਿੱਖਿਆ ਮੰਤਰੀ ਨੇ ਵਿਰੋਧੀਆਂ ਨੂੰ ਕਿਹਾ ਕਿ ਮੇਰੀ ਖੁੱਲ੍ਹੀ ਚੁਣੌਤੀ ਹੈ ਕਿ ਸਾਬਕਾ ਸਰਕਾਰਾਂ ਦੇ ਮੰਤਰੀ ਸਕੂਲਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਦੀ ਤੁਲਨਾ ਆਪਣੇ ਸ਼ਾਸਨ ਨਾਲ ਕਰਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ 20 ਫੀਸਦੀ ਬੱਚੇ ਵਧੇ ਹਨ। ਅਸੀਂ ਅਜਿਹਾ ਸਿਸਟਮ ਬਣਾਇਆ ਹੈ ਕਿ ਸਕੂਲਾਂ ਵਿੱਚ ਛੁੱਟੀਆਂ ਦੌਰਾਨ ਹੀ ਮੁਰੰਮਤ ਅਤੇ ਉਸਾਰੀ ਦਾ ਕੰਮ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਰਿਕਾਰਡ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੰਪਿਊਟਰ ਸਿੱਖਿਆ ‘ਤੇ 200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਕੋਡਿੰਗ ਅਤੇ ਏ.ਆਈ. ਸਿੱਖਣਗੇ।
ਵੀਡੀਓ ਲਈ ਕਲਿੱਕ ਕਰੋ -: