ਚੰਡੀਗੜ੍ਹ ਵਾਸੀਆਂ ‘ਤੇ ਹੁਣ ਬਿਜਲੀ ਤੇ ਪਾਣੀ ਦਾ ਬੋਝ ਵਧ ਜਾਵੇਗਾ। ਪਾਣੀ ਦੇ ਰੇਟ 5 ਫੀਸਦੀ ਤਾਂ ਬਿਜਲੀ ਦੇ ਰੇਟ ਵਿਚ ਲਗਭਗ 10 ਫੀਸਦੀ ਦਾ ਵਾਧਾ ਹੋ ਜਾਵੇਗਾ। ਕੈਪੀਟਲ ਕੰਪਲੈਕਸ, ਪਿਅਰੇ ਜੇਨਰੇਟ ਮਿਊਜ਼ੀਅਮ ਆਦਿ ਨੂੰ ਦੇਖਣ ਲਈ ਵੀ ਲੋਕਾਂ ਨੂੰ ਪੈਸੇ ਦੇਣੇ ਹੋਣਗੇ। ਇਸ ਤੋਂ ਇਲਾਵਾ ਸ਼ਹਿਰ ਵਿਚ ਨਵੀਂ ਆਬਕਾਰੀ ਨੀਤੀ ਲਾਗੂ ਹੋ ਜਾਵੇਗੀ ਜਿਸ ਤਹਿਤ ਸ਼ਰਾਬ ਦੇ ਠੇਕੇ ਹੁਣ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ।
ਸ਼ਹਿਰਵਾਸੀਆਂ ਦੀ ਆਦਮਨੀ ਵਧੇ ਨਾ ਵਧੇ ਪਾਣੀ, ਬਿਜਲੀ ਪਾਣੀ ਸਣੇ ਹੋਰ ਜ਼ਰੂਰਤਾਂ ਦੀਆਂ ਚੀਜ਼ਾਂ ਦੇ ਰੇਟ ਵਧਦੇ ਜਾ ਰਹੇ ਹਨ। ਨਗਰ ਨਿਗਮ ਨੇ ਤੈਅ ਕੀਤਾ ਹੋਇਆ ਹੈ ਕਿ ਹਰ ਸਾਲ ਇਕ ਅਪ੍ਰੈਲ ਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਪਾਣੀ ਦੇ ਰੇਟ 5 ਫੀਸਦੀ ਵਧ ਜਾਣਗੇ। ਇਸ ਲਈ ਕਿਸੇ ਤਰ੍ਹਾਂ ਦੇ ਹੁਕਮ ਤੇ ਨੋਟੀਫਿਕੇਸ਼ਨ ਦੀ ਵੀ ਲੋੜ ਨਹੀਂ ਹੈ। ਪਾਣੀ ਦੇ ਬਿਲ ਦੀ 10 ਫੀਸਦੀ ਸੀਵਰੇਜ ਫੀਸ ਵੀ ਲੋਕਾਂ ਨੂੰ ਦੇਣੀ ਪਵੇਗੀ। ਇਸ ਵਾਧੇ ਦਾ ਅਸਰ ਸਿੱਧੇ ਆਮ ਆਦਮੀ ਦੀ ਜੇਬ ‘ਤੇ ਪਵੇਗਾ।
ਪ੍ਰਸ਼ਾਸਨ ਦੇ ਬਿਜਲੀ ਵਿਭਾਗ ਨੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਤੋਂ ਸਾਲ 2023-24 ਵਿਚ ਬਿਜਲੀ ਦੇ ਰੇਟ ਵਿਚ 10.25 ਫੀਸਦੀ ਦਾ ਵਾਧੇ ਦੀ ਇਜਾਜ਼ਤ ਮੰਗੀ ਹੈ। ਇਜਾਜ਼ਤ ਮਿਲਦੇ ਹੀ ਘਰੇਲੂ ਬਿਜਲੀ ਦੀ ਸ਼ੁਰੂਆਤੀ ਦਰਾਂ 2.75 ਰੁਪਏ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਹੋ ਜਾਵੇਗੀ। ਬਿਜਲੀ ਬਿੱਲ ‘ਤੇ ਲੱਗਣ ਵਾਲੇ ਫਿਕਸ ਚਾਰਜ ਨੂੰ ਵੀ 15 ਰੁਪਏ ਤੋਂ ਵਧਾ ਕੇ 25 ਰੁਪਏ ਕੀਤੇ ਜਾਣ ਦਾ ਪ੍ਰਸਤਾਵ ਹੈ।
ਵਪਾਰਕ ਬਿਜਲੀ ਦੇ ਰੇਟਾਂ ਵਿਚ ਵੀ ਵਾਧਾ ਕੀਤਾ ਜਾਵੇਗਾ। ਇਸ ਵਿਚ 25 ਪੈਸੇ ਤੋਂ ਲੈ ਕੇ 50 ਪੈਸੇ ਤੱਕ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਉਦਯੋਗਾਂ ਵਿਚ ਸਮਾਲ, ਮੀਡੀਅਮ ਤੇ ਲਾਰਜ ਇੰਡਸਟਰੀ ਨੂੰ ਦਿੱਤੀ ਜਾਣ ਵਾਲੀ ਬਿਜਲੀ, ਖੇਤੀ ਲਈ ਦਿੱਤੀ ਜਾਣ ਵਾਲੀ ਬਿਜਲੀ, ਨਗਰ ਨਿਗਮ ਵੱਖ-ਵੱਖ ਵਿਭਾਗਾਂ ਨੂੰ ਸਟ੍ਰੀਟ ਲਾਈਟਾਂ ਲਈ ਦਿੱਤੀ ਜਾਣ ਵਾਲੀ ਬਿਜਲੀ ਦੇ ਰੇਟ ਵੀ ਵਧਣਗੇ।
ਇਹ ਵੀ ਪੜ੍ਹੋ : ਸਾਂਸਦ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ
ਸ਼ਹਿਰ ਵਿਚ ਨਵੀਂ ਆਬਕਾਰੀ ਨੀਤੀ ਲਾਗੂ ਹੋ ਜਾਵੇਗੀ। ਇਸ ਤਹਿਤ ਬੀਤੇ ਦਿਨਾਂ ਵਿਚ ਆਬਕਾਰੀ ਵਿਭਾਗ ਵੱਲੋਂ ਨੀਲਾਮ ਕੀਤੇ ਗਏ ਠੇਕੇ ਖੁੱਲ੍ਹ ਜਾਣਗੇ। ਨੀਤੀ ਵਿਚ ਸਭ ਤੋਂ ਅਹਿਮ ਹੈ ਕਿ ਹੁਣ ਸ਼ਰਾਬ ਦੇ ਠੇਕੇ ਰਾਤ 12 ਵਜੇ ਤੱਕ ਖੁੱਲ੍ਹਣਗੇ। ਬਾਰ ਦੇ ਸੰਚਾਲਨ ਲਈ 3 ਵਜੇ ਤੱਕ ਦੀ ਇਜਾਜ਼ਤ ਹੋਵੇਗੀ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਦੇਣ ਲਈ ਸ਼ਰਾਬ ‘ਤੇ ਕਲੀਨ ਏਅਰ ਸੈੱਸ ਲੱਗੇਗਾ। ਸ਼ਰਾਬ ਦੀ ਤਸਕਰੀ ‘ਤੇ ਨਕੇਲ ਕੱਣ ਲਈ ਟ੍ਰੈਕ ਐਂਡ ਟ੍ਰੇਸ ਸਿਸਟਮ ਨੂੰ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ ਹਰ ਬੋਤਲ ਦਾ ਕਿਊਆਰ ਕੋਡ ਹੋਵੇਗਾ। ਇਸ ਰਾਹੀਂ ਬੋਤਲ ਭਰਨ ਤੋਂ ਲੈ ਕੇ ਉਸ ਦੇ ਵਿਕਣ ਤੱਕ ਦੀ ਮਾਨਿਟਰਿੰਗ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: