Family members will track : ਪਟਿਆਲਾ : ਹੁਣ ਕੋਵਿਡ-19 ਮਰੀਜ਼ਾਂ ਦੇ ਪਰਿਵਾਰਕ ਮੈਂਬਰ ਫੇਸਬੁੱਕ ’ਤੇ ਮਰੀਜ਼ ਦਾ ਹਾਲ-ਚਾਲ ਜਾਣ ਸਕਣਗੇ। ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵੱਲੋਂ ਹਸਤਾਲ ਵਿਚ ਦਾਖਲ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸਿਹਤ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਅਤੇ ਉਨ੍ਹਾਂ ਨਾਲ ਰਾਬਤਾ ਰੱਖਣ ਲਈ ਕੋਵਿਡ ਕੇਅਰ ਸੈਂਟਰ ਵੱਲੋਂ ਫੇਸਬੁੱਕ ਪੇਜ ਬਣਾਇਆ ਗਿਆ ਹੈ, ਜਿਥੇ ਦਾਖਲ ਮਰੀਜ਼ਾਂ ਦੀ ਸਿਹਤ ਸਬੰਧੀ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣਾ ਮੈਸੇਜ ਫੇਸਬੁੱਕ ਪੇਜ ‘ਪਟਿਆਲਾ ਰਜਿੰਦਰਾ ਹਸਪਤਾਲ ਕੋਵਿਡ ਇਨਕੁਆਰੀ ਸੈਲ’ ਦੇ ਇਨਬਾਕਸ ‘ਚ ਜਾਕੇ ਪੁੱਛ ਸਕਦੇ ਹਨ ਅਤੇ ਸਟਾਫ਼ ਵੱਲੋਂ ਮਰੀਜ਼ ਦੀ ਸਿਹਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਜਿਥੇ ਪਾਜ਼ੀਟਿਵ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਦੋ ਹੈਲਪਲਾਈਨ ਨੰਬਰਾਂ ਰਾਹੀਂ ਵੀ ਮਰੀਜ਼ ਦੀ ਸਿਹਤ ਸਬੰਧੀ ਜਾਣਕਾਰੀ ਲੈ ਸਕਦੇ ਹਨ, ਉਥੇ ਹੀ ਮਰੀਜ਼ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸਬੰਧੀ ਵੀ ਪਰਿਵਾਰਕ ਮੈਂਬਰ ਮੈਸੇਜ਼ ਰਾਹੀਂ ਸੂਚਨਾ ਦੇ ਸਕਦੇ ਹਨ, ਜਿਸ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਕੋਵਿਡ ਕੇਅਰ ਸੈਲ ਵੱਲੋਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਫ਼ੋਨ ਨੰਬਰ 0175-2920376 ਤੇ 62394-32083 ਪਹਿਲਾਂ ਹੀ ਉਪਲਬਧ ਅਤੇ ਹੁਣ ਪਾਜ਼ੀਟਿਵ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ ਆਪਣਾ ਸਵਾਲ ਪੁੱਛਣ ਲਈ ਫੇਸਬੁੱਕ ਪੇਜ ਵੀ ਬਣਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਕੋਵਿਡ ਕੇਅਰ ਇੰਚਾਰਜ ਸ਼੍ਰੀਮਤੀ ਸੁਰਭੀ ਮਲਿਕ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਨਿਰਮਲ ਓਸੀਪਚਨ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਅਤੇ ਕੋਰੋਨਾ ਸਬੰਧੀ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਰਾਬਤਾ ਕਰਨ ਦੇ ਮਕਸਦ ਨਾਲ ਫੇਸ ਬੁੱਕ ਪੇਜ ਬਣਾਇਆ ਗਿਆ ਹੈ। ਉਨ੍ਹਾਂ ਕੋਵਿਡ ਕੇਅਰ ਸੈਂਟਰ ਵੱਲੋਂ ਬਣਾਇਆ ਪੇਜ ”ਪਟਿਆਲਾ ਰਜਿੰਦਰਾ ਹਸਪਤਾਲ ਕੋਵਿਡ ਇਨਕੁਆਰੀ ਸੈਲ” ਨੂੰ ਵੱਧ ਤੋਂ ਵੱਧ ਲੋਕਾਂ ਨੂੰ ਫਾਲੋ ਅਤੇ ਲਾਈਕ ਕਰਨ ਦੀ ਅਪੀਲ ਕੀਤੀ।