ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਇਕ ਵਾਰ ਫਿਰ ਤੋਂ ਹੁੰਕਾਰ ਭਰੀ ਹੈ। ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ। ਐੱਮਐੱਸਪੀ ਲਾਗੂ ਕਰਨ ਦੇ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਹੁਣ ਕਿਸਾਨ ਚੰਡੀਗੜ੍ਹ ਕੂਚ ਕਰਨਗੇ। ਕਿਸਾਨਾਂ ਨੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਕੂਚ ਕਰਨ ਦਾ ਐਲਾਨ ਕੀਤਾ।
ਕਿਸਾਨਾਂ ਨੇ ਵਿਧਾਨ ਸਭਾ ਦੇ ਘਿਰਾਓ ਦੀ ਚੇਤਾਵਨੀ ਦਿੱਤੀ ਹੈ। ਇੰਨਾ ਹੀ ਨਹੀਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ 24 ਤਰੀਖ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਵਿਚ 26 ਜਨਵਰੀ ਦੇ ਦਿਨ ਕਿਸਾਨ ਵੱਡੇ ਪੱਧਰ ਦਾ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਸਕਦਾ ਹੈ। ਕਿਸਾਨ ਪੰਜਾਬ ਦੇ ਹੁਸੈਨੀਵਾਲਾ ਤੋਂ ਸ਼ੁਰੂ ਹੋਈ ਮਸ਼ਾਲ ਯਾਤਰਾ ਨੂੰ ਲੈ ਕੇ ਸ਼ਨੀਵਾਰ ਨੂੰ ਹਰਿਆਣਾ ਦੇ ਬਹਾਦੁਰਗੜ੍ਹ ਪਹੁੰਚੇ। ਟਰੈਕਟਰ ਟਰਾਲੀਆਂ, ਗੱਡੀਆਂ ਤੇ ਰੇਲਗੱਡੀ ਜ਼ਰੀਏ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ਤੋਂ ਕਿਸਾਨ ਬਹਾਦੁਰਗੜ੍ਹ ਪਹੁੰਚੇ।
ਬਹਾਦੁਰਗੜ੍ਹ ਦੇ ਪੁਰਾਣੇ ਬੱਸ ਸਟੈਂਡ ਤੋਂ ਪੈਦਲ ਮਾਰਚ ਕੱਢ ਕੇ ਮਸ਼ਾਲ ਯਾਤਰਾ ਟਿਕਰੀ ਬਾਰਡਰ ਦੇ ਉਸੇ ਥਾਂ ‘ਤੇ ਪਹੁੰਚੀ ਜਿਥੇ ਇਕ ਸਾਲ ਪਹਿਲਾਂ ਕਿਸਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਸੀ। ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਜਾਣ ਤੋਂ ਰੋਕਣ ਲਈ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਸੀ ਪਰ ਕਿਸਾਨਾਂ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਕਿ ਉਹ ਇਸ ਵਾਰ ਦਿੱਲੀ ਨਹੀਂ ਜਾ ਰਹੇ। ਕਿਸਾਨਾਂ ਦੀ ਮਸ਼ਾਲ ਯਾਤਰਾ ਕਾਰਨ ਲਗਭਗ 1 ਘੰਟੇ ਤੱਕ ਦਿੱਲੀ ਰੋਹਤਕ ਨੈਸ਼ਨਲ ਹਾਈਵੇ ਜਾਮ ਰਿਹਾ। ਕਿਸਾਨ ਸੜਕ ‘ਤੇ ਹੀ ਬੈਠ ਗਏ ਤੇ ਅੰਦੋਲਨ ਦੀ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਬਠਿੰਡਾ SSP ਨੇ ਹੁਕਮ ਕੀਤੇ ਜਾਰੀ, ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਫੋਨ ‘ਤੇ ਬੋਲਣਗੇ ‘ਜੈ-ਹਿੰਦ’
ਕਿਸਾਨ ਨੇਤਾ ਮਨਦੀਪ ਨਥਵਾਨ ਨੇ ਕਿਹਾ ਕਿ ਐੱਮਐੱਸਪੀ ਦੀ ਮੰਗ ਨੂੰ ਲੈ ਕੇ ਹੁਣ ਤਾਂ ਉਹ ਚੰਡੀਗੜ੍ਹ ਵਿਚ ਵਿਧਾਨ ਸਭਾ ਦੇ ਘਿਰਾਓ ਦੀ ਚੇਤਾਵਨੀ ਦੇ ਰਹੇ ਹਨ ਪਰ MSP ਦੀ ਮੰਗ ਪੂਰੀ ਕਰਵਾਉਣ ਲਈ ਕਿਸਾਨਾਂ ਨੂੰ ਜੇਕਰ ਲਾਲ ਕਿਲ੍ਹੇ ਤੱਕ ਜਾਣਾ ਪਿਆ ਤਾਂ ਵੀ ਕਿਸਾਨ ਪਿੱਛੇ ਨਹੀਂ ਹਟਣਗੇ। ਐੱਮਐੱਸਪੀ ਉਨ੍ਹਾਂ ਦਾ ਅਧਿਕਾਰ ਹੈ, ਜਿਸ ਨੂੰ ਉਹ ਲੈ ਕੇ ਹੀ ਰਹਿਣਗੇ। ਇੰਨਾ ਹੀ ਨਹੀਂ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬਦਾ ਜਾ ਰਿਹਾ ਹੈ। ਇਸ ਲਈ ਸਰਕਾਰ ਤੋਂ ਕਿਸਾਨਾਂ ਦਾ ਸੰਪੂਰਨ ਕਰਜ਼ਾ ਮਾਫ ਕਰਨ ਦਾ ਮੰਗ ਵੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ ਤੇ ਦੁਬਾਰਾ ਤੋਂ ਕਿਸਾਨ ਸੜਕਾਂ ਉਤੇ ਉਤਰਨ ਨੂੰ ਮਜਬੂਰ ਹੋਣਗੇ।