ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਲਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇੱਕ ਵਾਰ ਫਿਰ 3 ਅਕਤੂਬਰ ਨੂੰ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ।
ਕਮੇਟੀ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀਆਂ। ਕਿਸਾਨ ਰੇਲ ਰੋਕੋ ਅੰਦੋਲਨ ਕਰਨ ਲਈ ਮਜਬੂਰ ਹਨ। ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਜਥੇਬੰਦੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬੇ ‘ਚ ਕਰੀਬ ਦੋ ਦਰਜਨ ਥਾਵਾਂ ‘ਤੇ ਕਿਸਾਨ ਰੇਲਾਂ ਰੋਕਣਗੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ 3 ਅਕਤੂਬਰ ਨੂੰ ਤਿੰਨ ਘੰਟੇ ਲਈ ਰੇਲ ਸੇਵਾ ਠੱਪ ਕਰਨਗੇ। ਕੇਂਦਰ ਸਰਕਾਰ ਦੇ ਬਿਜਲੀ ਸਬੰਧੀ ਨੋਟੀਫਿਕੇਸ਼ਨ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਤਹਿਤ ਸਰਕਾਰ ਨੇ ਬਿਜਲੀ ਦੀ ਵੰਡ ਦਾ ਕੰਮ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ।
ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਹੁਣ ਬਿਜਲੀ ਵੰਡਣ ਦਾ ਕੰਮ ਨਿੱਜੀ ਘਰਾਨਿਆਂ ਨੂੰ ਦੇਣ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਹੋਰ ਮੰਗਾਂ ਅਤੇ ਵਧਦੀ ਮਹਿੰਗਾਈ ਦਾ ਮੁੱਦਾ ਵੀ ਉਠਾਇਆ ਜਾਵੇਗਾ। ਪੰਧੇਰ ਨੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਕ ਬਿਜਲੀ ਦੀ ਵੰਡ ਪ੍ਰਾਈਵੇਟ ਕੰਪਨੀਆਂ ਕਰਨਗੀਆਂ। ਬਿਜਲੀ ਵੰਡਣ ਦਾ ਅਧਿਕਾਰ ਸੂਬਾ ਸਰਕਾਰਾਂ ਕੋਲ ਹੈ ਪਰ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਕੇਂਦਰ ਸਰਕਾਰ ਵੀ ਇਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਹੇਤਿਆਂ ਨੂੰ ਕੰਮ ਸੌਂਪ ਰਹੀ ਹੈ।
ਇਹ ਵੀ ਪੜ੍ਹੋ : ਮੁਕਤਸਰ : ਬਰਖਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਨੇ ਸਹੁਰੇ ਘਰ ਲੁਕੋਏ ਹੋਏ ਸਨ 30 ਲੱਖ ਰੁ.
ਉਨ੍ਹਾਂ ਕਿਹਾ ਕਿ ਰੁਪਏ ਦੀ ਕੀਮਤ 81 ਰੁਪਏ ਪ੍ਰਤੀ ਡਾਲਰ ਦੇ ਨੇੜੇ-ਤੇੜੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਫਰਵਰੀ 2022 ਤੋਂ ਹੁਣ ਤੱਕ ਦਾ ਫਰਕ ਕਰੀਬ 6 ਰੁਪਏ ਹੈ ਪਰ ਆਉਣ ਵਾਲੇ ਦਿਨਾਂ ‘ਚ ਇਸ ਦਾ ਨੁਕਸਾਨ ਵੇਖਣ ਨੂੰ ਮਿਲੇਗਾ। ਰੁਪਏ ਦੀ ਗਿਰਾਵਟ ਨਾਲ ਖੇਤੀ ਮਹਿੰਗੀ ਹੋ ਜਾਵੇਗੀ। ਬੀਜ ਤੋਂ ਲੈ ਕੇ ਦਵਾਈ ਤੱਕ ਮਹਿੰਗੀ ਹੋ ਜਾਵੇਗੀ। ਤੇਲ ਦੀਆਂ ਕੀਮਤਾਂ ਵਧਣਗੀਆਂ। ਇਸ ਨਾਲ ਮਹਿੰਗਾਈ ਵਧੇਗੀ ਅਤੇ ਆਮ ਆਦਮੀ ਦਾ ਹੀ ਨੁਕਸਾਨ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: