ਬਠਿੰਡਾ ਜ਼ਿਲ੍ਹੇ ਵਿੱਚ ਪੁੱਤ ਦੀ ਮੌਤ ਤੋਂ ਇੱਕ ਦਿਨ ਮਗਰੋਂ ਪਿਤਾ ਦੀ ਮੌਤ ਨਾਲ ਘਰ ਵਿੱਚ ਦੋਹਰਾ ਮਾਤਮ ਛਾ ਗਿਆ। ਦਰਅਸਲ ਸੱਪ ਦੇ ਡੰਗਣ ਨਾਲ ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਦੀ ਵੀ ਜਾਨ ਚਲੀ ਗਈ। ਪੁੱਤਰ ਦਾ ਨਾਂ ਵਰਿੰਦਰ ਸਿੰਘ ਸੀ। ਉਹ 20 ਸਾਲਾਂ ਦਾ ਸੀ। ਉਸ ਦੀ ਮੌਤ ਤੋਂ ਅਗਲੇ ਦਿਨ ਜਦੋਂ ਪਿਤਾ ਜਗਪਾਲ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪੁੱਤਰ ਦੀਆਂ ‘ਫੁੱਲ’ ਚੁਗ਼ ਰਹੇ ਸਨ ਤਾਂ ਉਸ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮਾਮਲਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਗਿੱਲ ਦਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇ। ਮ੍ਰਿਤਕ ਨੌਜਵਾਨ ਦੀ ਮਾਤਾ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਸਿਵਲ ਹਸਪਤਾਲ ਰਾਮਪੁਰਾ ਦੇ ਡਾਕਟਰਾਂ ਨੇ ਪੁੱਤਰ ਦਾ ਤੁਰੰਤ ਇਲਾਜ ਨਹੀਂ ਕੀਤਾ, ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ। ਮਾਮਲਾ 8 ਜੁਲਾਈ ਦਾ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੀ 8 ਜੁਲਾਈ ਨੂੰ ਪਿੰਡ ਬੁਰਜ ਗਿੱਲ ਦਾ ਨੌਜਵਾਨ ਵਰਿੰਦਰ ਸਿੰਘ ਜਦੋਂ ਖੇਤਾਂ ਤੋਂ ਕੰਮ ਕਰਕੇ ਪੈਦਲ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਸੱਪ ਨੇ ਉਸ ਨੂੰ ਡੰਗ ਲਿਆ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸ ਦੀ ਮੁੱਢਲੀ ਸਹਾਇਤਾ ਕਰਕੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਪਰ ਬੀਤੀ 9 ਜੁਲਾਈ ਨੂੰ ਨੌਜਵਾਨ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
10 ਜੁਲਾਈ ਨੂੰ ਜਦੋਂ ਮ੍ਰਿਤਕ ਵਰਿੰਦਰ ਸਿੰਘ ਦਾ ਪਿਤਾ ਜਗਪਾਲ ਸਿੰਘ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਨਾਲ ਪੁੱਤ ਦੇ ‘ਫੁੱਲ’ ਚੁਗ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਵੀ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਿਵਲ ਹਸਪਤਾਲ ਰਾਮਪੁਰਾ ਦੀ ਐਸਐਮਓ ਅੰਜੂ ਕਾਂਸਲ ਦਾ ਕਹਿਣਾ ਹੈ ਕਿ ਉਪਰੋਕਤ ਦੋਸ਼ ਝੂਠੇ ਹਨ। ਲੜਕੇ ਨੂੰ ਦਾਖਲ ਹੁੰਦਿਆਂ ਹੀ ਇਲਾਜ ਸ਼ੁਰੂ ਕਰ ਦਿੱਤਾ ਗਿਆ। ਇਥੋਂ ਤੱਕ ਉਸ ਨੂੰ ਐਂਟੀ ਵੈਨਮ ਨਾਂ ਦੀ ਦਵਾਈ ਵੀ ਦਿੱਤੀ ਗਈ ਸੀ ਪਰ ਨੌਜਵਾਨ ਦੇ ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪਿੰਡ ਬੁਰਜ ਗਿੱਲ ਦੇ ਸ਼ਮਸ਼ਾਨਘਾਟ ਵਿੱਚ 9 ਜੁਲਾਈ ਨੂੰ ਜਿੱਥੇ ਵਰਿੰਦਰ ਸਿੰਘ ਦਾ ਸਸਕਾਰ ਕੀਤਾ ਗਿਆ ਸੀ, ਉਸੇ ਥਾਂ 10 ਜੁਲਾਈ ਨੂੰ ਜਗਪਾਲ ਸਿੰਘ ਦਾ ਸਸਕਾਰ ਕੀਤਾ ਗਿਆ ਸੀ। ਮ੍ਰਿਤਕ ਜਗਪਾਲ ਸਿੰਘ ਆਪਣੇ ਪਿੱਛੇ ਪਤਨੀ, ਧੀ ਤੇ ਇਕ ਪੁੱਤਰ ਛੱਡ ਗਿਆ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਵਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪਿਤਾ ਜਗਪਾਲ ਸਿੰਘ ਕਾਫੀ ਪਰੇਸ਼ਾਨ ਸੀ। ਐਤਵਾਰ ਨੂੰ ਜਦੋਂ ਉਹ ਸ਼ਮਸ਼ਾਨਘਾਟ ‘ਚ ਆਪਣੇ ਬੇਟੇ ਦੇ ਫੁਲ ਚੁਗ਼ ਰਿਹਾ ਸੀ ਤਾਂ ਅਚਾਨਕ ਉਸ ਨੂੰ ਐਟਕ ਆ ਗਿਆ। ਇਸ ਦਾ ਮੁੱਖ ਕਾਰਨ ਪੁੱਤਰ ਦੀ ਮੌਤ ਦਾ ਦੁੱਖ ਨਾ ਸਹਿਣਾ ਦੱਸਿਆ ਜਾ ਰਿਹਾ ਹੈ।