ਮੋਗਾ ‘ਚ ਇੱਕ ਕੁੜੀ ਦਾ ਨੌਜਵਾਨ ਨਾਲ ਚੱਲ ਰਿਹਾ ਝਗੜਾ ਸੁਲਝਾਉਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗਣ ਦੇ ਦੋਸ਼ ਵਿੱਚ ਥਾਣੇਦਾਰ ਸਣੇ 4 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨ ਦਾ ਇੱਕ ਕੁੜੀ ਨਾਲ ਝਗੜਾ ਚੱਲ ਰਿਹਾ ਸੀ। ਕੁੜੀ ਨਾਲ ਝਗੜਾ ਸੁਲਝਾਉਣ ਦੇ ਨਾਂ ‘ਤੇ ਥਾਣੇਦਾਰ ਸਮੇਤ 4 ਲੋਕਾਂ ਨੇ ਉਸ ਤੋਂ 15 ਲੱਖ 50 ਹਜ਼ਾਰ ਰੁਪਏ ਹੜੱਪ ਲਏ। ਪਰ ਲੋਕਾਂ ਵੱਲੋਂ ਨਾ ਤਾਂ ਕੁੜੀ ਨਾਲ ਸਮਝੌਤਾ ਕਰਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰਨ ‘ਤੇ ਜਾਂਚ ਤੋਂ ਬਾਅਦ ਚਾਰਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਦਰ ਦੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਤ ਨਗਰ ਮੋਗਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ 24 ਜਨਵਰੀ 2023 ਨੂੰ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸਦਾ ਲੁਧਿਆਣਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਝਗੜਾ ਚੱਲ ਰਿਹਾ ਸੀ। ਔਰਤ ਨੇ ਦੋਸ਼ ਲਾਇਆ ਸੀ ਕਿ 2017 ‘ਚ ਮੰਗਣੀ ਹੋਣ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਏ ਪਰ ਉਸ ਨਾਲ ਵਿਆਹ ਨਹੀਂ ਕਰਵਾਇਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਪੁਸ਼ਪਿੰਦਰ ਸਿੰਘ ਪੱਪੀ ਵਾਸੀ ਪਿੰਕ ਸਿਟੀ ਮੋਗਾ, ਹਰਦੀਪ ਸਿੰਘ ਵਾਸੀ ਮੋਹਾਲੀ ਹਾਲ ਅਬਾਦ ਗਰੀਨ ਕਾਲੋਨੀ ਘੱਲਕਲਾਂ, ਰਾਕੇਸ਼ ਕੁਮਾਰ ਵਾਸੀ ਮੋਗਾ, ਦਰਸ਼ਨ ਸਿੰਘ ਸਾਬਕਾ ਸਰਪੰਚ ਪਿੰਡ ਥਰਾਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੁੜੀ ਨਾਲ ਉਸ ਦਾ ਸਮਝੌਤਾ ਕਰਵਾ ਦੇਣਗੇ। ਇਸ ਬਦਲੇ ਉਸ ਤੋਂ 15 ਲੱਖ 5 ਹਜ਼ਾਰ ਰੁਪਏ ਮੰਗੇ ਗਏ।
ਉਸ ਵੱਲੋਂ ਉਕਤ ਚਾਰਾਂ ਲੋਕਾਂ ਨੂੰ 13 ਲੱਖ ਰੁਪਏ ਬੈਂਕ ਦੇ ਚੈੱਕ ਰਾਹੀਂ ਦਿੱਤੇ ਗਏ, ਜਦਕਿ 2,50,000 ਰੁਪਏ ਨਕਦ ਦਿੱਤੇ ਗਏ। ਰੁਪਏ ਦੇਣ ਦੇ ਬਾਵਜੂਦ ਵੀ ਉਕਤ ਚਾਰਾਂ ਲੋਕਾਂ ਨੇ ਕੁੜੀ ਨਾਲ ਉਸ ਦਾ ਸਮਝੌਤਾ ਨਹੀਂ ਕਰਵਾਇਆ ਅਤੇ ਨਾ ਹੀ ਰੁਪਏ ਵਾਪਸ ਕੀਤੇ। ਜਦਕਿ 23 ਜਨਵਰੀ ਨੂੰ ਉਸ ਦਾ ਵਿਆਹ ਤਲਵੰਡੀ ਭਾਈ ਦੇ ਪੈਲੇਸ ਵਿੱਚ ਹੋਣਾ ਸੀ, ਅਜਹੇ ਵਿੱਚ ਕੁੜੀ ਨੇ ਪਹਿਲਾਂ ਹੀ ਉਸ ਵਿੱਚ ਰੁਕਾਵਟ ਪਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ, ਦਿੱਲੀ ਸਣੇ ਇਨ੍ਹਾਂ ਰਾਜਾਂ ‘ਚ ਫਿਰ ਵਧੇਗੀ ਠੰਡ, ਪਹਾੜਾਂ ‘ਚ ਬਰਫਬਾਰੀ ਮਗਰੋਂ ਡਿੱਗੇਗਾ ਪਾਰਾ
ਉਸ ਖਿਲਾਫ 26 ਜਨਵਰੀ ਨੂੰ ਵਿਆਹ ਕਰਨ ਦੇ ਨਾਂ ‘ਤੇ ਧੋਖਾ ਦੇਣ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਵਾ ਦਿੱਤਾ, ਜਿਸ ਨਾਲ ਉਸ ਦਾ ਵਿਆਹ ਵੀ ਰੁਕ ਗਿਆ। ਪੁਲਿਸ ਵੱਲੋਂ ਉਸ ਦੀ ਸ਼ਿਕਾਇਤ ‘ਤੇ ਪੁਲਿਸ ਇੰਸਪੈਕਟਰ ਪੁਸ਼ਪੇਂਦਰ ਸਿੰਘ ਪੱਪੀ ਸਣੇ ਚਾਰਾਂ ਖਿਲਾਫ ਧਾਰਾ 420, 406 ਤੇ ਕੁਰੱਪਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪੁਲਿਸ ਇੰਸਪੈਕਟਰ ਪੁਸ਼ਪੇਂਦਰ ਸਿੰਘ ਪੱਪੀ ਮੋਗਾ ਪੁਲਿਸ ਲਾਈਨ ਵਿੱਚ ਤਾਇਨਾਤ ਹੈ, ਜਦਕਿ ਰਾਕੇਸ਼ ਕੁਮਾਰ ਉਸ ਦਾ ਮੁਨੀਮ ਹੈ। ਦੋਸ਼ੀਆਂ ਖਿਲਾਫ ਲਾਈਆਂ ਗਈਆਂ ਧਾਰਾਵਾਂ ਗੈਰ-ਜ਼ਮਾਨਤੀ ਹਨ।
ਵੀਡੀਓ ਲਈ ਕਲਿੱਕ ਕਰੋ -: