ਪੰਜਾਬ ਦੇ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਗੱਦਾਡੋਬ ਵਿਚ ਅੱਜ ਦੁਪਹਿਰ ਇੱਕ ਕਿਸਾਨ ਦੇ ਕਣਕ ਦੇ ਖੇਤ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ‘ਚ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਪੂਰੇ ਖੇਤ ਨੂੰ ਆਪਣੀ ਲਪੇਟ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ। ਪਰ ਉਦੋਂ ਤੱਕ ਅੱਗ ਕਾਰਨ 6 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਅਨੁਸਾਰ ਇਹ ਅੱਗ ਪਿੰਡ ਗੱਦਾਡੋਬ ਦੇ ਕਿਸਾਨ ਲਵਪ੍ਰੀਤ ਪੁੱਤਰ ਅਵਤਾਰ ਸਿੰਘ ਦੀ ਕਣਕ ਦੀ ਫ਼ਸਲ ਨੂੰ ਲੱਗੀ ਸੀ। ਜਿਸ ਕਾਰਨ ਲਵਪ੍ਰੀਤ ਦੀ 6 ਕਿੱਲੇ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਅੱਗ ਨੂੰ ਦੇਖ ਕੇ ਆਲੇ-ਦੁਆਲੇ ਦੇ ਕਿਸਾਨਾਂ ਨੇ ਖੁਦ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : 500 ਦਿਨ ਗੁਫਾ ‘ਚ ਰਹੀ ਸਪੇਨ ਦੀ ਐਥਲੀਟ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਨਾਮ ਦਰਜ
ਸੂਚਨਾ ਮਿਲਣ ‘ਤੇ ਫਾਇਰ ਵਿਭਾਗ ਦੇ ਕਰਮਚਾਰੀ ਪ੍ਰਗਟ ਸਿੰਘ, ਦੇਵਕਰਨ, ਲਵਦੀਪ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਾਇਰ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਖੇਤ ਪਿੰਡ ਦੀ ਲਿੰਕ ਸੜਕ ’ਤੇ ਸਥਿਤ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਜਲਣਸ਼ੀਲ ਪਦਾਰਥ ਸੁੱਟੇ ਜਾਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਨੇੜਲੇ ਖੇਤਾਂ ਵਿੱਚ ਵੀ ਫੈਲ ਸਕਦੀ ਸੀ। ਪੁੱਤਾਂ ਵਾਂਗ ਪਾਲੀ ਕਣਕ ਦੇ ਸੜਨ ਕਾਰਨ ਲਵਪ੍ਰੀਤ ਕਾਫੀ ਪ੍ਰੇਸ਼ਾਨ ਹੈ।
ਵੀਡੀਓ ਲਈ ਕਲਿੱਕ ਕਰੋ -: