ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦੋ ਦਿਨ ਪਹਿਲਾਂ ਪਿਤਾ ਦੀ ਮੌਤ ਤੋਂ ਪੁੱਤ ਤੇ ਪਰਿਵਾਰ ਵੀ ਅਜੇ ਸੰਭਲਿਆ ਵੀ ਨਹੀਂ ਸੀ ਕਿ ਤਿੰਨ ਹੋਰ ਮੌਤ ਦੀ ਖ਼ਬਰ ਨੇ ਪੂਰੇ ਪਿੰਡ ਵਿੱਚ ਸਨਸਨੀ ਫੈਲ ਗਈ। ਸਾਰਿਆਂ ਦੇ ਬੁੱਲਾਂ ‘ਤੇ ਇਹੀ ਸੀ ਕਿ ਹੇ ਰੱਬਾ! ਇਹ ਕੀ ਕੀਤਾ। ਦਰਅਸਲ ਫਿਰੋਜ਼ਪੁਰ ਰੋਡ ‘ਤੇ ਪਿੰਡ ਗੋਲੇਵਾਲਾ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਤੇਜ਼ ਰਫਤਾਰ ਕਾਰ ਦੀ ਟੱਕਰ ‘ਚ ਬਾਈਕ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 11 ਸਾਲ ਦਾ ਬੱਚਾ ਵੀ ਸ਼ਾਮਲ ਹੈ।
ਪਰਿਵਾਰ ਬੱਚੇ ਦੀ ਦਵਾਈ ਲੈਣ ਪਿੰਡ ਗੋਲੇਵਾਲਾ ਜਾ ਰਿਹਾ ਸੀ। ਬੱਚੇ ਦੇ 42 ਸਾਲਾਂ ਪਿਤਾ ਗੁਰਲਾਭ ਸਿੰਘ ਦੀ ਦੋ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਇਕੱਠੇ ਤਿੰਨ ਮੈਂਬਰਾਂ ਦੀ ਮੌਤ ਹੋ ਜਾਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ 26 ਅਕਤੂਬਰ ਨੂੰ ਪਿੰਡ ਝਾੜਵਾਲਾ ਦੇ ਰਹਿਣ ਵਾਲੇ 42 ਸਾਲਾ ਗੁਰਲਾਭ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ 11 ਸਾਲਾਂ ਪੁੱਤਰ ਸੰਤਪ੍ਰੀਤ ਸਿੰਘ ਬੀਮਾਰ ਹੋ ਗਿਆ ਸੀ।
ਸ਼ੁੱਕਰਵਾਰ ਨੂੰ ਉਸ ਦੀ ਜ਼ਿਆਦਾ ਤਬੀਅਤ ਖਰਾਬ ਹੋਣ ‘ਤੇ ਚਾਚੀ ਸਰਜੀਤ ਕੌਰ (45) ਅਤੇ ਚਚੇਰਾ ਭਰਾ ਗੁਰਕੀਰਤਨ ਸਿੰਘ (18) ਬਾਈਕ ‘ਤੇ ਪਿੰਡ ਝਾੜਵਾਲਾ ਤੋਂ ਗੋਲੇਵਾਲਾ ਨੂੰ ਦਵਾਈ ਲੈਣ ਲਈ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਆਈ-20 ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ।
ਇਸ ਘਟਨਾ ‘ਚ 11 ਸਾਲਾ ਸੰਤਪ੍ਰੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਗੁਰਕੀਰਤਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਚੀ ਸਰਬਜੀਤ ਕੌਰ ਪਤਨੀ ਚੰਦ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਉਸ ਦੀ ਵੀ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਮਦਦ ਦਾ ਜਜ਼ਬਾ, ਜੰਗ ਦੌਰਾਨ ਯੂਕਰੇਨ ਨਹੀਂ ਛੱਡਣਾ ਚਾਹੁੰਦਾ ਇਹ ਭਾਰਤੀ, ਰੋਜ਼ 1,000 ਲੋਕਾਂ ਨੂੰ ਖੁਆ ਰਿਹੈ ਲੰਗਰ
ਹਾਦਸੇ ਵਿੱਚ ਕਾਰ ਸਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਪਰ ਉਹ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਹਰਜੀਤ ਸਿੰਘ ਨਾਂ ਦੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: