Free treatment for : ਪੰਜਾਬ ਸਰਕਾਰ ਵਲੋਂ ਸੂਬੇ ਵਿਚ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿਖੇ ਹੀਮੋਫੀਲੀਆ ਦੇ ਮਰੀਜ਼ਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬਧ ਕਰਵਾ ਕੇ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 18 ਜਿਲ੍ਹਿਆਂ ਵਿਚ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਖੋਲ੍ਹੇ ਗਏ ਹਨ। ਇਨ੍ਹਾਂ ਵਿਚ 3 ਮੈਡੀਕਲ ਕਾਲਜਾਂ ਤੋਂ ਇਲਾਵਾ 15 ਹੋਰ ਜਿਲ੍ਹਿਆਂ ਵਿਚ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤੇ ਬਾਕੀ ਰਹਿੰਦੇ 4 ਜਿਲ੍ਹਿਆਂ ਵਿਚ ਵੀ ਇਸ ਦੀ ਜਲਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਨ੍ਹਾਂ ਸੈਂਟਰਾਂ ਵਿਚ ਹੀਮੋਫੀਲੀਆ ਦੇ ਮਰੀਜ਼ਾਂ ਨੂੰ ਐਂਟੀ ਹੀਮੋਫੀਲੀਆ ਫੈਕਟਰ 8, 9, 7 ਅਤੇ ਐੱਫ. ਈ. ਆਈ. ਬੀ. ਦੇ ਮੁਫਤ ਉਪਲਬਧ ਕਰਵਾਏ ਗਏ ਹਨ ਅਤੇ ਇਨ੍ਹਾਂ ਸੈਂਟਰਾਂ ਵਿਚ 24*7 ਸੁਵਿਧਾ ਉਪਲਬਧ ਕਰਵਾਈ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਤੋਂ ਪਹਿਲਾ ਹੀਮੋਫੀਲੀਆ ਦੇ ਇਲਾਜ ਲਈ ਮਰੀਜ਼ਾਂ ਨੂੰ 18 ਤੋਂ 80 ਲੱਖ ਰੁਪਏ ਤਕ ਸਾਲਾਨਾ ਖਰਚ ਕਰਨਾ ਪੈਂਦਾ ਸੀ. ਇਹ ਸਾਰਾ ਖਰਚ ਹੁਣ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਜਿਸ ਲਈ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਂਟੀ ਹੀਮੋਫੀਲੀਆ ਫੈਕਟਰ ਦੇ ਨਾਲ ਇਲਾਜ ਕਰਨ ਲਈ ਸਟਾਫ ਦੀ ਵਿਸ਼ੇਸ਼ ਟ੍ਰੇਨਿੰਗ ਪੀ. ਜੀ. ਆਈ. ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੁਆਰਾ ਕੀਤੀ ਗਈ ਹੈ। ਪੰਜਾਬ ਦੇ ਬੱਚਿਆਂ ਦੇ ਮਾਹਿਰ ਡਾਕਟਰ, ਮੈਡੀਕਲ ਸਪੈਸਲਿਸਟ, ਸਟਾਫ ਨਰਸ ਤੇ ਲੈਬ ਟੈਕਨੀਸ਼ੀਅਨ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਤਸੱਲੀਬਖਸ਼ ਤਰੀਕੇ ਨਾਲ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਵਿਖੇ ਪਹਿਲੇ ਮਰੀਜ਼ ਦਾ ਇਲਾਜ ਕੀਤਾ ਗਿਆ ਹੈ ਜੋ ਜਿਲ੍ਹਾ ਹਸਪਤਾਲ ਮੋਹਾਲੀ ਵਿਚ ਸਥਾਪਤ ਇੰਟੀਗਰੇਟਿਡ ਕੇਅਰ ਸੈਂਟਰ ਪਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਵਿਚ ਐਂਟੀ ਹੀਮੋਫੀਲਿਕ ਫੈਕਟਰ-8 ਨਾਲ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਪਹਿਲਾਂ ਇਲਾਜ ਕਰਵਾਉਣ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜਾਣਾ ਪੈਂਦਾ ਸੀ ਪਰ ਹੁਣ ਇਹ ਸੇਵਾਵਾਂ ਪੰਜਾਬ ਵਿਚ ਉਪਲਬਧ ਹਨ ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲਗਭਗ 500 ਮਰੀਜ਼ ਇਸ ਬੀਮਾਰੀ ਤੋਂ ਪੀੜਤ ਹਨ ਪਰ ਹੁਣ ਸੂਬਾ ਸਰਕਾਰ ਵਲੋਂ ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ।