ਸਰਕਾਰ ਹੌਲੀ-ਹੌਲੀ LPG ਸਿਲੰਡਰਾਂ ‘ਤੇ ਸਬਸਿਡੀ ਖਤਮ ਕਰ ਰਹੀ ਹੈ। ਸਬਸਿਡੀ ਬੰਦ ਕਰਕੇ ਸਰਕਾਰ ਨੇ ਆਪਣੇ ਖ਼ਜ਼ਾਨੇ ਵਿੱਚ ਕਰੋੜਾਂ ਰੁਪਏ ਬਚਾਏ ਹਨ। 2020-21 ‘ਚ ਕੇਂਦਰ ਸਰਕਾਰ ਨੇ ਐੱਲਪੀਜੀ ਸਬਸਿਡੀ ਵਜੋਂ 11,896 ਕਰੋੜ ਰੁਪਏ ਖਰਚ ਕੀਤੇ ਸਨ, ਜਦੋਂਕਿ 2021-22 ਵਿੱਚ ਇਹ ਖਰਚ ਸਿਰਫ 242 ਕਰੋੜ ਰੁਪਏ ਰਹਿ ਗਿਆ ਹੈ। ਇਸ ਤਰ੍ਹਾਂ, ਸਬਸਿਡੀ ਨੂੰ ਖਤਮ ਕਰਕੇ, ਸਰਕਾਰ ਨੇ ਸਿਰਫ ਇੱਕ ਮਾਲੀ ਵਰ੍ਹੇ ਵਿੱਚ 11,654 ਕਰੋੜ ਰੁਪਏ ਬਚਾਏ ਹਨ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ ਨੂੰ ਦੱਸਿਆ ਕਿ ਹੁਣ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਸਿੱਧੇ ਤੌਰ ‘ਤੇ ਵਿਸ਼ਵ ਬਾਜ਼ਾਰ ਨਾਲ ਜੁੜੀਆਂ ਹੋਈਆਂ ਹਨ।
4 ਸਾਲਾਂ ‘ਚ 23,464 ਕਰੋੜ ਤੋਂ 242 ਕਰੋੜ ‘ਤੇ ਆਈ ਸਬਸਿਡੀ
ਪੈਟਰੋਲੀਅਮ ਮੰਤਰਾਲੇ ਮੁਤਾਬਕ ਮਾਲੀ ਵਰ੍ਹੇ 2017-18 ਵਿੱਚ ਐਲਪੀਜੀ ਸਬਸਿਡੀ ‘ਤੇ ਸਰਕਾਰ ਨੇ 23,464 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜੋਕਿ ਮਾਲੀ ਵਰ੍ਹੇ 2018-19 ਵਿੱਚ 37,209 ਕਰੋੜ ਰੁਪਏ ਤੱਕ ਪਹੁੰਚ ਗਏ ਸਨ। ਇਸ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਕੀਤੀ ਅਤੇ ਇਸ ਅਪੀਲ ‘ਤੇ ਕਰੋੜਾਂ ਗਾਹਕਾਂ ਨੇ ਸਬਸਿਡੀ ਛੱਡ ਦਿੱਤੀ, ਜਿਸ ਕਰਕੇ ਵਿੱਤੀ ਸਾਲ 2019-20 ‘ਚ ਸਰਕਾਰ ਦਾ ਖਰਚਾ ਘਟ ਕੇ 24,172 ਕਰੋੜ ਰਹਿ ਗਿਆ।
2020-21 ਵਿੱਚ ਇਸ ਵਿੱਚ 50 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਸਬਸਿਡੀ ਦਾ ਖਰਚਾ ਘਟ ਕੇ 11,896 ਕਰੋੜ ਰੁਪਏ ਰਹਿ ਗਿਆ। ਇਸ ਤੋਂ ਬਾਅਦ 2021-22 ‘ਚ ਇਹ ਖਰਚਾ ਘਟ ਕੇ ਸਿਰਫ 242 ਕਰੋੜ ਰੁਪਏ ਰਹਿ ਗਿਆ ਹੈ।
ਜੂਨ 2020 ਤੋਂ ਸਿਰਫ਼ ਉੱਜਲਵਾ ਯੋਜਨਾ ਵਾਲਿਆਂ ਨੂੰ ਮਿਲ ਰਹੀ ਸਬਸਿਡੀ
ਜੂਨ 2020 ਵਿੱਚ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਗੈਸ ਸਿਲੰਡਰ ‘ਤੇ ਸਬਸਿਡੀ ਸਿਰਫ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ। ਇਸ ਨਾਲ ਸਬਸਿਡੀਆਂ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ। ਉਦੋਂ ਤੋਂ ਹੁਣ ਤੱਕ ਸਬਸਿਡੀ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ 9.3 ਕਰੋੜ ਘੱਟੀ ਹੈ।
ਸਰਕਾਰ ਨੇ ਇੱਕ ਸਾਲ ਵਿੱਚ 12 ਰੀਫਿਲ ਤੱਕ PMUY ਲਾਭਪਾਤਰੀਆਂ ਲਈ ਪ੍ਰਤੀ ਸਿਲੰਡਰ 200 ਰੁਪਏ ਦੀ ਸਬਸਿਡੀ ਸ਼ੁਰੂ ਕੀਤੀ ਹੈ। ਸਿਲੰਡਰ ‘ਤੇ ਮਿਲਣ ਵਾਲੀ ਸਬਸਿਡੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਮਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਲੋਡ ਵਧਾਉਣ ਤੋਂ ਵਾਂਝੇ ਕਿਸਾਨਾਂ ਲਈ ਵਧਾਈ ਮਿਆਦ, CM ਮਾਨ ਬੋਲੇ-‘ਸਕੀਮ ਦਾ ਵੱਧ ਤੋਂ ਵੱਧ ਲਓ ਫਾਇਦਾ’
ਇੱਕ ਸਾਲ ‘ਚ 218.50 ਰੁਪਏ ਮਹਿੰਗਾ ਹੋਇਆ ਸਿਲੰਡਰ
ਦੂਜੇ ਪਾਸੇ ਦਿੱਲੀ ਵਿੱਚ 23 ਜੁਲਾਈ 2021 ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਸੀ, ਜੋ ਹੁਣ 1053 ਰੁਪਏ ਤੱਕ ਪਹੁੰਚ ਗਈ ਹੈ। ਯਾਨੀ ਪਿਛਲੇ ਇੱਕ ਸਾਲ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 218.50 ਰੁਪਏ ਦਾ ਵਾਧਾ ਹੋਇਆ ਹੈ। ਇਸ ‘ਤੇ ਮਿਲਣ ਵਾਲੀ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ। ਉਥੇ ਹੀ ਮੁੰਬਈ ਵਿੱਚ ਇਸ ਵੇਲੇ LPG ਸਿਲੰਡਰ ਦੀ ਕੀਮਤ 1079 ਰੁਪਏ, ਕੋਲਕਾਤਾ ਵਿੱਚ 1052 ਰੁਪਏ ਤੇ ਚੇਨਈ ਵਿੱਚ 1068 ਰੁਪਏ ਹੈ।
ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਕੰਪਨੀਆਂ ਨੇ ਸਿਲੰਡਰ ‘ਚ 50 ਰੁਪਏ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਦਿੱਲੀ ‘ਚ LPG ਦੀ ਕੀਮਤ 1,053 ਰੁਪਏ ‘ਤੇ ਪਹੁੰਚ ਗਈ ਸੀ।
ਕੇਂਦਰੀ ਮੰਤਰੀ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਅਪ੍ਰੈਲ 2019 ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 706.50 ਰੁਪਏ ਸੀ, ਜੋ ਕਿ 1 ਮਈ 2020 ਤੱਕ ਘੱਟ ਕੇ 581.5 ਰੁਪਏ ਹੋ ਗਈ ਹੈ। ਉਦੋਂ ਤੋਂ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਪ੍ਰੈਲ 2021 ਨੂੰ ਛੱਡ ਕੇ ਜਦੋਂ ਇਸ ਵਿੱਚ 10 ਰੁਪਏ ਦੀ ਮਾਮੂਲੀ ਕਟੌਤੀ ਕੀਤੀ ਗਈ ਸੀ। ਉਦੋਂ ਤੋਂ ਇਸ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ।
ਭਾਰਤ ਵਿੱਚ ਲਗਭਗ 30 ਕਰੋੜ ਲੋਕਾਂ ਕੋਲ ਐਲਪੀਜੀ ਕੁਨੈਕਸ਼ਨ ਹੈ। ਇਸ ਵਿੱਚ ਉੱਜਵਲਾ ਯੋਜਨਾ ਦੇ ਤਹਿਤ 9 ਕਰੋੜ ਤੋਂ ਵੱਧ ਐੱਲ.ਪੀ.ਜੀ. ਕੁਨੈਕਸ਼ਨ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: