Groom died on the second day : ਬਿਹਾਰ ਦੀ ਰਾਜਧਾਨੀ ਪਟਨਾ ‘ਚ ਵਿਆਹ ਤੋਂ ਬਾਅਦ ਲਾੜੇ ਦੀ ਦੋ ਦਿਨ ਬਾਅਦ ਮੌਤ ਹੋ ਗਈ। ਜਦੋਂ ਉਸ ਵਿਆਹ ਸਮਾਰੋਹ ਵਿਚ ਸ਼ਾਮਲ ਹੋਏ ਲੋਕਾਂ ਦੇ ਕੋਰੋਨਾ ਵਾਇਰਸ ਦੇ ਜਾਂਚ ਦੇ ਸੈਂਪਲ ਲਏ ਗਏ ਤਾਂ 95 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਲਾੜੇ ਵਿਚ ਕੋਰੋਨਾ ਵਾਇਰਸ ਦੇ ਲੱਛਣ ਵੀ ਮੌਜੂਦ ਸਨ, ਇਸ ਦੇ ਬਾਵਜੂਦ ਉਸ ਦਾ ਬਿਨਾਂ ਕੋਰੋਨਾ ਵਾਇਰਸ ਦਾ ਟੈਸਟ ਕਰਵਾਏ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਘਟਨਾ ਪਟਨਾ ਦੇ ਜ਼ਿਲ੍ਹਾ ਪਾਲੀਗੰਜ ਤੋਂ ਸਾਹਮਣੇ ਆਈ ਹੈ। ਇੱਥੇ ਲਾੜੇ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵਿਆਹ ਦੇ ਸਮਾਰੋਹ ‘ਚ ਸ਼ਾਮਲ ਹੋਏ ਲੋਕਾਂ ਦੇ ਟੈਸਟ ਕੀਤੇ ਗਏ ਤਾਂ 95 ਲੋਕ ਕੋਰੋਨਾ ਪਾਜ਼ੀਟਿਵ ਆਈ, ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜਾ ਇੱਕ ਸਾਫਟਵੇਅਰ ਇੰਜਨੀਅਰ ਸੀ ਜੋ ਗੁਰੂਗਰਾਮ ‘ਚ ਨੌਕਰੀ ਕਰਦਾ ਸੀ। ਉਸ ਵਿਚ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੇ ਲੱਛਣ ਮੌਜੂਦ ਸਨ ਜਿਸ ਦੇ ਚੱਲਦਿਆਂ ਵਿਆਹ ਦੇ ਦੂਜੇ ਦਿਨ ਹੀ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਸੰਕੇਤ ਨਜ਼ਰ ਆਉਣ ਦੇ ਬਾਵਜੂਦ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਦਾ ਵਿਆਹ ਕਰਨਾ ਇਕ ਵੱਡੀ ਲਾਪਰਵਾਹੀ ਹੈ ਅਤੇ ਪਰਿਵਾਰ ਨੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਦੀ ਵੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਵੱਡੀ ਲਾਪਰਵਾਹੀ ਨਾਲ ਵਿਆਹ ਸਮਾਰੋਹ ਵਿਚ ਸ਼ਾਮਲ ਹੋਏ ਲੋਕ ਕਿੰਨੇ ਹੋਰ ਲੋਕਾਂ ਨੂੰ ਮਿਲੇ ਹੋਣਗੇ, ਜਿਸ ’ਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਪਾਜ਼ੀਟਿਵ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਲਾੜੇ ਦੇ ਅੰਤਿਮ ਸੰਸਕਾਰ ਵਿਚ ਵੀ ਕਈ ਲੋਕਾਂ ਨੇ ਸ਼ਮੂਲੀਅਤ ਕੀਤੀ ਹੋਵੇਗੀ ਜਿਸ ਨਾਲ ਕਈ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ। ਦੱਸਣਯੋਗ ਹੈ ਕਿ ਬਿਹਾਰ ਵਿੱਚ ਹੁਣ ਤੱਕ ਕੋਰੋਨਾ ਦੇ 9 ਹਜ਼ਾਰ 640 ਮਾਮਲੇ ਸਾਹਮਣੇ ਆਏ ਹਨ।