ਦਾਂਬੁਲਾ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸੰਨਿਆਸ ਵੇਲੇ ਉਹ ਵਨਡੇ ਦੇ ਨਾਲ-ਨਾਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਣ ਸੀ। ਹੁਣ ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮਿਤਾਲੀ ਰਾਜ ਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ।
ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ। ਉਸ ਨੇ 123 ਮੈਚਾਂ ਦੀਆਂ 111 ਪਾਰੀਆਂ ‘ਚ 2372 ਦੌੜਾਂ ਬਣਾਈਆਂ ਹਨ। ਉਸ ਨੇ ਇਹ ਦੌੜਾਂ 103 ਦੀ ਸਟ੍ਰਾਈਕ ਰੇਟ ਅਤੇ 26.65 ਦੀ ਔਸਤ ਨਾਲ ਬਣਾਈਆਂ ਹਨ। ਉਸ ਦੀ ਸਭ ਤੋਂ ਵੱਡੀ ਪਾਰੀ 103 ਦੌੜਾਂ ਦੀ ਹੈ। ਉਸ ਨੇ ਮਿਤਾਲੀ ਰਾਜ ਨੂੰ ਪਿੱਛੇ ਛੱਡ ਦਿੱਤਾ ਹੈ। ਮਿਤਾਲੀ ਨੇ 84 ਪਾਰੀਆਂ ‘ਚ 96.33 ਦੀ ਸਟ੍ਰਾਈਕ ਰੇਟ ਅਤੇ 37.52 ਦੀ ਔਸਤ ਨਾਲ 2364 ਦੌੜਾਂ ਬਣਾਈਆਂ ਸਨ। ਮਿਤਾਲੀ ਨੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 2019 ਵਿੱਚ ਖੇਡਿਆ ਸੀ।
ਹਰਮਨਪ੍ਰੀਤ ਕੌਰ ਨੇ ਸ਼੍ਰੀਲੰਕਾ ਖਿਲਾਫ ਦੂਜੇ ਟੀ-20 ਵਿੱਚ ਮਿਤਾਲੀ ਰਾਜ ਦਾ ਰਿਕਾਰਡ ਤੋੜ ਦਿੱਤਾ। ਉਸ ਨੇ 31 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਉਸ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਪਹਿਲਾਂ ਖੇਡਦਿਆਂ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ 7 ਵਿਕਟਾਂ ‘ਤੇ 125 ਦੌੜਾਂ ਬਣਾਈਆਂ। ਭਾਰਤ ਨੇ 5 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਨਾਲ ਭਾਰਤੀ ਟੀਮ ਨੇ 3 ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹੁਣ ਤੱਕ ਸ਼੍ਰੀਲੰਕਾ ਦੀ ਮਹਿਲਾ ਟੀਮ ਨੇ ਭਾਰਤ ਨੂੰ ਘਰੇਲੂ ਮੈਦਾਨ ‘ਤੇ ਨਹੀਂ ਹਰਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: