ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਲਖਬੀਰ ਲੰਡਾ ਤੇ ਪਾਕਿਸਤਾਨ ਸਥਿਤ ਹਰਵਿੰਦਰ ਰਿੰਡਾ ਵੱਲੋਂ ਕੰਟਰੋਲਡ ਆਈਐੱਸਆਈ ਸਮਰਥਿਤ ਅੱਤਵਾਦੀ ਮਾਡਿਊਲ ਵਿਚ ਕਾਰਵਾਈ ਕਰਦੇ ਹੋਏ ਤੀਜੇ ਆਪ੍ਰੇਟਿਵ ਨੂੰ ਵੀ ਕਾਬੂ ਕਰ ਲਿਆ ਹੈ।
ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਕ ਟਵੀਟ ਰਾਹੀਂ ਦਿੱਤੀ। ਉਨ੍ਹਾਂ ਲਿਖਿਆ ਕਿ ਪੰਜਾਬ ਪੁਲਿਸ ਸੀਆਈ ਵਿੰਗ ਨੇ ISI ਸਮਰਥਿਤ ਅੱਤਵਾਦੀ ਮਾਡਿਊਲ ਤੇ ਤੀਜੇ ਆਪ੍ਰੇਟਿਵ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਕੈਨੇਡਾ ਸਥਿਤ ਲੰਡਾ ਤੇ ਪਾਕਿ ਆਧਾਰਿਤ ਰਿੰਡਾ ਵੱਲੋਂ ਚਲਾਇਆ ਗਿਆ ਸੀ। ਹਰਪ੍ਰੀਤ ਦੀ ਗ੍ਰਿਫਤਾਰੀ ਨਾਲ ਆਈ. ਐੱਸ.ਆਈ. ਅੱਤਵਾਦੀ ਮਾਡਿਊਲ ਨੂੰ ਵੱਡਾ ਝਟਕਾ ਲੱਗਾ ਹੈ।
ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਇਸ ਦੇ ਦੋ ਸੰਚਾਲਕਾਂ ਬਲਜੀਤ ਸਿੰਘ ਮੱਲ੍ਹੀ ਅਤੇ ਗੁਰਬਖਸ਼ ਸਿੰਘ ਉਰਫ ਗੋਰਾ ਸੰਧੂ, ਦੋਵੇਂ ਵਾਸੀ ਫਿਰੋਜ਼ਪੁਰ ਦੀ ਗ੍ਰਿਫਤਾਰੀ ਦੇ ਨਾਲ ਇਸ ਮਾਡਿਊਲ ਦਾ ਪਰਦਾਫਾਸ਼ ਕਰਨ ਤੋਂ 8 ਦਿਨ ਬਾਅਦ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੁਰਬਖਸ਼ ਸਿੰਘ ਵੱਲੋਂ ਉਸ ਦੇ ਪਿੰਡ ਵਿੱਚ ਦੱਸੇ ਟਿਕਾਣੇ ਤੋਂ ਦੋ ਮੈਗਜ਼ੀਨਾਂ, 90 ਜਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਸਮੇਤ ਇੱਕ ਆਧੁਨਿਕ ਏ.ਕੇ.-56 ਅਸਾਲਟ ਰਾਈਫਲ ਵੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਬਲਜੀਤ ਮੱਲ੍ਹੀ ਦੇ ਖੁਲਾਸੇ ਤੋਂ ਬਾਅਦ ਪੁਲਿਸ ਟੀਮ ਨੇ ਹਰਪ੍ਰੀਤ ਸਿੰਘ ਉਰਫ਼ ਹਰ ਸਰਪੰਚ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜੋ ਕਿ ਇਟਲੀ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਘੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੇ ਸੰਪਰਕ ਵਿੱਚ ਵੀ ਸੀ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹਰਪ੍ਰੀਤ ਸਿੰਘ ਉਰਫ਼ ਹਰ ਸਰਪੰਚ ਨੇ ਲਖਬੀਰ ਲੰਡਾ ਦੇ ਸਾਥੀ ਜਗਜੀਤ ਸਿੰਘ ਉਰਫ਼ ਜੋਟਾ ਵਾਸੀ ਮਹਿਤਾ ਰੋਡ ਅੰਮ੍ਰਿਤਸਰ ਅਤੇ ਉਸ ਦੇ ਸਾਥੀ ਲਈ ਫਿਰੋਜ਼ਪੁਰ ਦੇ ਮੱਖੂ ਖੇਤਰ ਵਿੱਚ ਇੱਕ ਖਾਲੀ ਪਏ ਘਰ ਵਿੱਚ 10 ਦਿਨ ਠਹਿਰਨ ਦਾ ਪ੍ਰਬੰਧ ਕਰਨ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋਟਾ ‘ਤੇ ਚਾਰ ਅਪਰਾਧਿਕ ਕੇਸ ਚੱਲ ਰਹੇ ਹਨ ਅਤੇ ਉਹ ਇਸ ਵੇਲੇ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿਖੇ ਬੰਦ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਉਨ੍ਹਾਂ ਦੱਸਿਆ ਕਿ ਦੋਸ਼ੀ ਹਰ ਸਰਪੰਚ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਤਰਨਤਾਰਨ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਨਛੱਤਰ ਸਿੰਘ ਉਰਫ ਮੋਟੀ ਦੇ ਨਜ਼ਦੀਕੀ ਸੰਪਰਕ ਵਿੱਚ ਸੀ ਅਤੇ ਉਸਦੀ ਨੀਲੇ ਰੰਗ ਦੀ BMW ਕਾਰ ਵਿੱਚ ਨਸ਼ੇ ਦੀ ਖੇਪ ਲਿਆਉਂਦਾ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਬੀ.ਐਮ.ਡਬਲਿਊ ਕਾਰ ਨੂੰ ਜ਼ਬਤ ਕੀਤਾ ਗਿਆ ਸੀ।