Health department team arrived : ਜਲੰਧਰ ਸਿਹਤ ਵਿਭਾਗ ਦੀ ਟੀਮ ਦੀ ਕਾਰਜ ਪ੍ਰਣਾਲੀ ’ਤੇ ਉਸ ਸਮੇਂ ਫਿਰ ਸਵਾਲੀਆ ਨਿਸ਼ਾਨ ਉਠ ਗਿਆ, ਜਦੋਂ ਉਹ ਫਿਰ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਜਗ੍ਹਾ ਕਿਸੇ ਹੋਰ ਵਿਅਕਤੀ ਦੇ ਘਰ ਉਸ ਨੂੰ ਲੈਣ ਲਈ ਪਹੁੰਚ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ਹਿਰ ਵਿਚ ਗੋਪਾਲ ਨਗਰ ਦੇ ਨਰਿੰਦਰ ਸ਼ਰਮਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਸਿਹਤ ਵਿਭਾਗ ਦੀ ਟੀਮ ਉਸ ਦੇ ਘਰ ਜਾਣ ਦੀ ਬਜਾਏ ਭਗਤ ਸਿੰਘ ਕਾਲੋਨੀ ’ਚ ਵਰਿੰਦਰ ਸ਼ਰਮਾ ਦੇ ਘਰ ਪਹੁੰਚ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਲਿਜਾਣ ਲਈ ਤਿਆਰ ਕੀਤੀ। ਸਿਹਤ ਵਿਭਾਗ ਦੇ ਨਾਲ ਪੁਲਸ ਪਾਰਟੀ ਦੀ ਵੀ ਟੀਮ ਸੀ।
ਆਪਣੇ ਘਰ ਆਈ ਐਂਬੂਲੈਂਸ ਨੂੰ ਦੇਖ ਕੇ ਵਰਿੰਦਰ ਸ਼ਰਮਾ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਦੀ ਟੀਮ ਨੇ ਵਰਿੰਦਰ ਸ਼ਰਮਾ ਨੂੰ ਊਸ ਦੇ ਨਾਲ ਚੱਲਣ ਲਈ ਕਿਹਾ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਟੀਮ ਨੂੰ ਰਿਪੋਰਟ ਦਿਖਾਉਣ ਲਈ ਕਿਹਾ, ਜਿਸ ’ਤੇ ਸਿਹਤ ਵਿਭਾਗ ਦੀ ਟੀਮ ਨੇ ਜਵਾਬ ਦਿੱਤਾ ਕਿ ਉਹ ਤਾਂ ਵੈੱਬ ਪੋਰਟਲ ’ਤੇ ਚੱਲ ਰਹੀ ਖਬਰ ਦੇਖ ਕੇ ਉਸ ਨੂੰ ਲੈਣ ਆਏ ਹਨ ਕਿ ਭਗਤ ਸਿੰਘ ਕਾਲੋਨੀ ’ਚੋਂ ਇਕ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਜਦੋਂ ਵਰਿੰਦਰ ਸ਼ਰਮਾ ਦੇ ਪਰਿਵਾਰ ਵਾਲਿਆਂ ਨੇ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਰਿਪੋਰਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਵਰਿੰਦਰ ਸ਼ਰਮਾ ਦੀ ਰਿਪੋਰਟ ਨਹੀਂ ਆਈ, ਜਿਸ ’ਤੇ ਸਿਹਤ ਵਿਭਾਗ ਦੀ ਟੀਮ ਉਥੋਂ ਚਲੀ ਗਈ।
ਜ਼ਿਕਰਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਿਹਤ ਵਿਭਾਗ ਦੀ ਟੀਮ ਦੀ ਅਣਗਹਿਲੀ ਇਸ ਤਰ੍ਹਾਂ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਇਕ ਵਾਰ ਪਹਿਲਾਂਵੀ ਟੀਮ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਗ੍ਹਾ ਇਕੋ ਨਾਂ ਹੋਣ ਕਰਕੇ ਕਿਸੇ ਹੋਰ ਔਰਤ ਦੇ ਘਰ ਪਹੁੰਚ ਗਈ ਸੀ ਤੇ ਪਾਜ਼ੀਟਿਵ ਮਰੀਜ਼ਾਂ ਨਾਲ ਸਿਹਤਮੰਦ ਔਰਤ ਨੂੰ ਇਕੋ ਹੀ ਐਂਬੂਲੈਂਸ ਵਿਚ ਬਿਠਾ ਕੇ ਲਿਆਈ ਸੀ।