ਕਰਨਾਟਕ ਵਿੱਚ ਭਖਿਆ ਹਿਜਾਬ ਵਿਵਾਦ ਹੁਣ ਪੰਜਾਬ ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀਰਵਾਰ ਨੂੰ ਜਾਮਾ ਮਸਜਿਦ ਵਿਖੇ ਸੂਬੇ ਦੀਆਂ ਮੁਸਲਿਮ ਜਥੇਬੰਦੀਆਂ ਦੀ ਮੀਟਿੰਗ ਬੁਲਾਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ 12 ਫਰਵਰੀ ਨੂੰ ਲੁਧਿਆਣਾ ਵਿੱਚ ਹਿਜਾਬ ਮਾਰਚ ਕੱਢਿਆ ਜਾਵੇਗਾ। ਇਸ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਔਰਤਾਂ ਵੀ ਸ਼ਾਮਲ ਹੋਣਗੀਆਂ। ਮੀਟਿੰਗ ਵਿੱਚ ਸਾਰੀਆਂ ਮਸਜਿਦਾਂ, ਮਦਰੱਸਿਆਂ ਅਤੇ ਮੁਸਲਿਮ ਸੰਸਥਾਵਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਉਹ ਕਰਨਾਟਕ ਦੀ ਬਹਾਦਰ ਲੜਕੀ ਮੁਸਕਾਨ ਦੀ ਹਿੰਮਤ ਨੂੰ ਸਲਾਮ ਕਰਦੇ ਹਨ, ਜਿਸ ਨੇ ਅੱਲ੍ਹਾ-ਹੂ-ਅਕਬਰ ਰਾਹੀਂ ਫਿਰਕਾਪ੍ਰਸਤਾਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਰਨਾਟਕ ਤੋਂ ਦੇਸ਼ ਵਿੱਚ ਨਫ਼ਰਤ ਦਾ ਨਵਾਂ ਸੁਨੇਹਾ ਦਿੱਤਾ ਗਿਆ ਹੈ। ਸੱਤਾ ਵਿਚ ਰਹਿਣ ਵਾਲਿਆਂ ਕੋਲ ਨਫ਼ਰਤ ਅਤੇ ਧਰਮ ਦੀ ਸਿਆਸਤ ਤੋਂ ਇਲਾਵਾ ਕੁਝ ਨਹੀਂ ਬਚਿਆ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਬੇਟੀ ਬਚਾਓ-ਬੇਟੀ ਪੜ੍ਹਾਓ ਦੀਆਂ ਗੱਲਾਂ ਕਰਦੀ ਹੈ। ਇਸ ਦੇ ਨਾਲ ਹੀ ਇਕ ਬੇਟੀ ਨੂੰ ਹਿਜਾਬ ਕਰਕੇ ਪੜ੍ਹਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ। ਹਿਜਾਬ ਅਤੇ ਬੁਰਕਾ ਅੱਜ ਕੋਈ ਨਵਾਂ ਨਹੀਂ ਆਇਆ, ਮੁਸਲਮਾਨ ਧੀਆਂ ਸਾਲਾਂ ਤੋਂ ਇਸ ਨੂੰ ਪਹਿਨਦੀਆਂ ਆ ਰਹੀਆਂ ਹਨ। ਸਵਾਲ ਇਹ ਹੈ ਕਿ ਅਚਾਨਕ ਅਜਿਹਾ ਕੀ ਹੋ ਗਿਆ ਕਿ ਇਸ ਨੂੰ ਲੈ ਕੇ ਵਿਵਾਦ ਪੈਦਾ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸ ਦੇਈਏ ਕਿ ਕਰਨਾਟਕ ਦੇ ਇੱਕ ਸਕੂਲ ਵਿੱਚ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਗਿਆ ਸੀ। ਕੁਝ ਮੁੰਡੇ ਇੱਕ ਮੁਸਲਿਮ ਕੁੜੀ ਦੇ ਸਾਹਮਣੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲੱਗੇ। ਇਹ ਦੇਖ ਕੇ ਕੁੜੀ ਮੁਸਕਰਾਉਂਦੀ ਹੈ ਅਤੇ ਅੱਲਾਹ-ਹੂ-ਅਕਬਰ ਦੇ ਨਾਅਰੇ ਲਗਾਉਣ ਲੱਗਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਰਾਸ਼ਟਰੀ ਪੱਧਰ ‘ਤੇ ਬਹਿਸ ਛਿੜ ਗਈ ਹੈ।