ਅੰਮ੍ਰਿਤਸਰ ਵਿੱਚ ਲੋਕਾਂ ਨੇ ਗਟਰਾਂ ਦੀ ਸਫ਼ਾਈ ਦੇ ਬਹਾਨੇ ਰੇਕੀ ਕਰਕੇ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰ ਦਿਨ ਵੇਲੇ ਹੀ ਰੇਕੀ ਕਰਨ ਲਈ ਇਲਾਕੇ ਵਿੱਚ ਪਹੁੰਚੇ ਸਨ ਪਰ ਸੀਸੀਟੀਵੀ ਕੈਮਰਿਆਂ ਵਿੱਚ ਉਨ੍ਹਾਂ ਦੇ ਚਿਹਰੇ ਨਜ਼ਰ ਆਉਣ ਕਾਰਨ ਲੋਕ ਵੀ ਚੌਕਸ ਸਨ। ਲੋਕਾਂ ਨੇ ਚੋਰਾਂ ਦੀ ਬੁਰੀ ਤਰ੍ਹਾਂ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਹ ਘਟਨਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਅਧੀਨ ਪੈਂਦੇ ਪਿੰਡ ਭੜੀਵਾਲ ਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਇਲਾਕੇ ‘ਚ ਕਾਫੀ ਚੋਰੀਆਂ ਹੋਈਆਂ ਹਨ। ਰੋਜ਼ ਸਵੇਰੇ ਉੱਠਦੇ ਤਾਂ ਘਰ ਵਿੱਚ ਚੋਰੀ ਹੋ ਜਾਂਦੀ ਸੀ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੋਸ਼ੀ ਸਾਈਕਲਾਂ ’ਤੇ ਜਾਂਦੇ ਦਿਖਾਈ ਦਿੱਤੇ ਸਨ। ਉਸ ਤੋਂ ਬਾਅਦ ਹੀ ਲੋਕ ਇਨ੍ਹਾਂ ਚਿਹਰਿਆਂ ਬਾਰੇ ਸੁਚੇਤ ਹੋਏ। ਜਿਵੇਂ ਹੀ ਇਹ ਚੋਰ ਗਟਰਾਂ ਦੀ ਸਫਾਈ ਕਰਨ ਲਈ ਗਲੀ ਵਿੱਚ ਪਹੁੰਚੇ ਤਾਂ ਲੋਕਾਂ ਨੇ ਇਨ੍ਹਾਂ ਦੇ ਚਿਹਰੇ ਸੀਸੀਟੀਵੀ ਕੈਮਰਿਆਂ ਨਾਲ ਮਿਲਾ ਕੇ ਫੜ ਲਿਆ।
ਲੋਕਾਂ ਨੇ ਦੱਸਿਆ ਕਿ ਇਹ ਚੋਰ ਇਲਾਕੇ ਦੇ ਗਟਰਾਂ ਅਤੇ ਮੈਨਹੋਲਾਂ ਦੀ ਸਫ਼ਾਈ ਦੇ ਬਹਾਨੇ ਗਲੀਆਂ ਵਿੱਚ ਆ ਜਾਂਦੇ ਸਨ। ਇੱਥੇ ਸਫ਼ਾਈ ਦੇ ਬਹਾਨੇ ਘਰਾਂ ‘ਤੇ ਨਜ਼ਰ ਰੱਖਦੇ ਅਤੇ ਰਾਤ ਲਈ ਸ਼ਿਕਾਰ ਲੱਭ ਲੈਂਦੇ ਸਨ। ਬੀਤੇ ਦੋ ਮਹੀਨਿਆਂ ਵਿੱਚ ਇਲਾਕੇ ਵਿੱਚ ਦੋ ਦਰਜਨ ਤੋਂ ਵੱਧ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ, ਸ਼ਿਵ ਸੇਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ, ਲੱਗੇ ਇਹ ਦੋਸ਼
ਇਹ ਚੋਰ ਇੰਨੇ ਹੁਸ਼ਿਆਰ ਸਨ ਕਿ ਘਰ ‘ਚ ਦਾਖਲ ਹੋਣ ਤੋਂ ਪਹਿਲਾਂ ਬਾਹਰਲੇ ਕੂਲਰਾਂ ਜਾਂ ਕਿਸੇ ਹੋਰ ਤਕਨੀਕ ਦੀ ਮਦਦ ਨਾਲ ਲੋਕਾਂ ਨੂੰ ਨੀਂਦ ਦੀ ਦਵਾਈ ਸੁੰਘਾ ਦਿੰਦੇ ਸਨ। ਇਸ ਤੋਂ ਬਾਅਦ ਘਰ ‘ਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ। ਸੁੱਤੇ ਪਏ ਪਰਿਵਾਰ ਵਾਲਿਆਂ ਨੂੰ ਸਵੇਰੇ ਉਠ ਕੇ ਪਤਾ ਲੱਗਦਾ ਕਿ ਘਰੋਂ ਮੋਬਾਈਲ, ਕੈਸ਼ ਤੇ ਗਹਿਣੇ ਗਾਇਬ ਹੋ ਚੁੱਕੇ ਹਨ। ਫਿਲਹਾਲ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: