In Punjab today : ਚੰਡੀਗੜ੍ਹ: ਅੱਜ ਸੂਬੇ ‘ਚ 16 ਮਾਰਚ ਨੂੰ ਕਾਂਗਰਸ ਦੇ 4 ਸਾਲ ਪੂਰੇ ਹੋ ਗਏ ਹਨ ਪਰ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਵਾਅਦਾ ਅਜੇ ਵੀ ਅਧੂਰਾ ਹੈ। ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਤਾਂ ਬਹੁਤ ਕੀਤੇ ਗਏ ਪਰ ਉਨ੍ਹਾਂ ਨੂੰ ਅਮਲ ‘ਚ ਨਹੀਂ ਲਿਆਂਦਾ ਗਿਆ ਜਿਸ ਕਾਰਨ ਮੁਲਾਜ਼ਮਾਂ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਦੇ ਬਾਹਰ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮ ਕਾਂਗਰਸ ਪਾਰਟੀ ਦੇ ਦਫਤਰ ਬਾਦਾਮ ਲੈ ਕੇ ਪੁੱਜੇ ਹਨ ਤਾਂ ਜੋ ਪਾਰਟੀ ਆਗੂ ਬਾਦਾਮ ਖਾ ਕੇ ਯਾਦਦਾਸ਼ਤ ਨੂੰ ਵਧਾ ਸਕਣ। ਚਾਰ ਸਾਲ ਬੀਤਣ ਤੇ ਵੀ ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਜਦਕਿ ਇਨ੍ਹਾਂ ਚਾਰ ਸਾਲਾਂ ਦੌਰਾਨ ਮੁੱਖ ਮੰਤਰੀ ਵੱਲੋਂ ਕਈ ਵਾਰ ਆਪਣੇ ਇਸ ਵਾਅਦੇ ਨੂੰ ਦੋਹਰਾਇਆ ਗਿਆ ਹੈ।
ਪੰਜਾਬ ਦੇ ਇੰਚਾਰਜ਼ ਹਰੀਸ਼ ਰਾਵਤ ਵੱਲੋਂ ਵੀ ਉਤਰਾਖੰਡ ਵਿਚ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀਆ ਜਾ ਰਹੀਆ ਹਨ ਅਤੇ ਕਾਂਗਰਸ ਦੇ ਸੱਤਾ ਵਿਚ ਆਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਇਹ ਸਾਰੇ ਲੀਡਰ ਜਦ ਪੰਜਾਬ ਜਿਸ ਜਗ੍ਹਾ ਕਾਂਗਰਸ ਸੱਤਾ ਵਿਚ ਹੈ ਦੀ ਵਾਰੀ ਆਉਂਦੀ ਹੈ ਤਾਂ ਕੱਚੇ ਮੁਲਾਜ਼ਮਾਂ ਨੂੰ ਭੁੱਲ ਕਿਉਂ ਜਾਦੇ ਹਨ । ਪੰਜਾਬ ਵਿਚ ਸੂਬੇ ਦੇ ਦਫਤਰੀ ਮੁਲਾਜ਼ਮ ਅੱਜ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਖਰੀ ਬਜਟ ਵਿਚ ਕਿਹਾ ਗਿਆ ਕਿ ਸਰਕਾਰ ਨੇ ਤਕੀਬਨ 14000 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ ਪਰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣੇ ਹੋਏ ਹਨ ।ਆਗੂਆਂ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫਿਰ ਉਹੀ ਤਰਜ਼ ‘ਤੇ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ‘ਤੇ ਕਿਉਂ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਇਸੇ ਏ ਜੀ ਪੰਜਾਬ ਵੱਲੋਂ ਸਹਿਮਤੀ ਦਿੱਤੀ ਗਈ ਸੀ।
ਮੁਲਾਜ਼ਮਾਂ ਦੇ ਕਾਂਗਰਸ ਭਵਨ ਪੁੱਜਣ ਉਪਰੰਤ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੱਲੋਂ ਮੌਕੇ ‘ਤੇ ਆ ਕੇ ਮੰਗ ਪੱਤਰ ਲਿਆ ਅਤੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ। ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਅੱਜ ਹੀ ਮੁਲਾਜ਼ਮਾਂ ਦੇ ਮਸਲੇ ‘ਤੇ ਏ.ਜੀ ਪੰਜਾਬ ਅਤੁਲ ਨੰਦਾ ਨਾਲ ਗੱਲ ਕਰਨਗੇ ਤੇ ਮਸਲਾ ਹੱਲ ਕਰਵਾਉਣਗੇ ਅਤੇ ਮਿਤੀ 18 ਮਾਰਚ 2021 ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਵਾਉਣਗੇ।