ਆਰਥਿਕ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨਾਲ ਕਰਜ਼ੇ ਦਾ ਸੌਦਾ ਪੂਰਾ ਕਰਨਾ ਚਾਹੁੰਦਾ ਹੈ। ਇਸ ਸੌਦੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪਾਕਿਸਤਾਨੀ ਖਪਤਕਾਰਾਂ ਨੂੰ ਦੁੱਧ ਅਤੇ ਚਿਕਨ ਸਣੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਇੰਨੀ ਵੱਧ ਗਈ ਹੈ ਕਿ ਆਮ ਆਦਮੀ ਦਾ ਢਿੱਡ ਭਰਨਾ ਔਖਾ ਹੋ ਗਿਆ ਹੈ।
ਇੱਕ ਪਾਕਿਸਤਾਨੀ ਅਖਬਾਰ ਮੁਤਾਬਕ ਪਾਕਿਸਤਾਨ ਵਿਚ ਖੁੱਲ੍ਹੇ ਦੁੱਧ ਦਾ ਰੇਟ 190 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 210 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਬਰਾਇਲਰ ਚਿਕਨ ਦੀ ਕੀਮਤ ਵਿਚ ਪਿਛਲੇ ਦੋ ਦਿਨਾਂ ਵਿਚ 30-40 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ, ਜਿਸ ਕਾਰਨ ਇਹ ਹੁਣ ਇਸ ਦੀ ਕੀਮਤ 480-500 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਚਿਕਨ ਮੀਟ ਹੁਣ 700-780 ਪਾਕਿਸਤਾਨੀ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜੋਕਿ ਪਹਿਲਾਂ 620-650 ਪ੍ਰਤੀ ਕਿਲੋਗ੍ਰਾਮ ਸੀ, ਰਿਪੋਰਟ ਵਿੱਚ ਕਿਹਾ ਗਿਆ ਹੈ, ਹੱਡੀ ਰਹਿਤ ਮੀਟ 1,000-1,100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਇਹ ਹੁਣ ਤੱਕ ਦੇ ਸਭ ਤੋਂ ਉੱਚੇ ਰੇਟ ‘ਤੇ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਦੁੱਧ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਆਇਆ ਹੈ, ਕਰਾਚੀ ਮਿਲਕ ਰਿਟੇਲਰ ਐਸੋਸੀਏਸ਼ਨ ਦੇ ਬੁਲਾਰੇ ਵਹੀਦ ਗੱਦੀ ਨੇ ਕਿਹਾ ਕਿ 1000 ਤੋਂ ਵੱਧ ਦੁਕਾਨਦਾਰ ਮਹਿੰਗੇ ਭਾਅ ‘ਤੇ ਦੁੱਧ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਥੋਕ ਵਿਕਰੇਤਾਵਾਂ ਜਾਂ ਡੇਅਰੀ ਕਿਸਾਨਾਂ ਦੀਆਂ ਦੁਕਾਨਾਂ ਹਨ ਨਾ ਕਿ ਸਾਡੇ ਮੈਂਬਰਾਂ ਦੀਆਂ। ਉਨ੍ਹਾਂ ਅੱਗੇ ਕਿਹਾ ਕਿ ਜੇ ਡੇਅਰੀ ਕਿਸਾਨਾਂ ਅਤੇ ਥੋਕ ਵਿਕਰੇਤਾਵਾਂ ਵੱਲੋਂ ਐਲਾਨੇ ਭਾਅ ਵਿੱਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਗਿਆ ਤਾਂ ਦੁੱਧ ਦੀ ਕੀਮਤ 210 ਰੁਪਏ ਦੀ ਬਜਾਏ 220 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਇਹ ਵੀ ਪੜ੍ਹੋ : ਏਜੰਟ ਨੇ ਵੇਚਿਆ, ਸਰਕਾਰ ਨਾ ਲਿਆਂਦੀ ਤਾਂ ਲਾਸ਼ਾਂ ਆਉਂਦੀਆਂ, ਲੀਬੀਆ ਤੋਂ ਪਰਤੇ ਲੋਕਾਂ ਨੇ ਦੱਸੀ ਹੱਡਬੀਤੀ
ਪੋਲਟਰੀ ਦੇ ਵਧਦੇ ਰੇਟਾਂ ‘ਤੇ ਸਿੰਧ ਪੋਲਟਰੀ ਹੋਲਸੇਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਮਲ ਅਖਤਰ ਸਿੱਦੀਕੀ ਨੇ ਕਿਹਾ ਕਿ ਜਿਊਂਦੀਆਂ ਮੁਰਗੀਆਂ ਦਾ ਥੋਕ ਰੇਟ 600 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਉਨ੍ਹਾਂ ਦੇ ਮੀਟ ਦੀ ਕੀਮਤ 650 ਤੋਂ 700 ਰੁਪਏ ਦੇ ਵਿਚਕਾਰ ਰੱਖੀ ਗਈ ਹੈ। ਮਹਿੰਗਾਈ ਵਿੱਚ ਇਹ ਵਾਧਾ IMF ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਵਿੱਚ ਰੁਕਾਵਟ ਦੇ ਦੌਰਾਨ ਹੋਇਆ ਹੈ, ਜੋ ਕਿ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਲਈ ਇੱਕ ਵੱਡਾ ਝਟਕਾ ਹੈ।
ਪਾਕਿਸਤਾਨ ਰਿਕਾਰਡ ਤੋੜ ਮਹਿੰਗਾਈ ਤੋਂ ਉਭਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਹੜ੍ਹਾਂ ਕਾਰਨ ਇਸ ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ, ਜਿਸ ਵਿਚ 1,739 ਲੋਕ ਮਾਰੇ ਗਏ ਸਨ ਅਤੇ ਕਰੀਬ 20 ਲੱਖ ਘਰ ਤਬਾਹ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: