It is wrong to deduct challan : ਪਟਿਆਲਾ : ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ’ਤੇ ਮਾਸਕ ਨਾ ਪਹਿਨਣ ’ਤੇ ਜੁਰਮਾਨਾ ਕਰਨ ਦੇ ਹੁਕਮ ਹੋਏ ਹਨ। ਕਿਉਂਕਿ ਇਹ ਮਹਾਮਾਰੀ ਇਕ-ਦੂਜੇ ਦੇ ਸੰਪਰਕ ਵਿਚ ਆਉਣ ਨਾਲ ਬਹੁਤ ਜਲਦੀ ਦੂਸਰੇ ਵਿਅਕਤੀ ਨੂੰ ਆਪਣੇ ਲਪੇਟ ਵਿਚ ਲੈ ਲੈਂਦੀ ਹੈ। ਪਰ ਪੁਲਿਸ ਵੱਲੋਂ ਕਾਰ ਵਿਚ ਵੀ ਮਾਸਕ ਪਹਿਨਣ ਦੀਆਂ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਅਜਿਹਾ ਨਾ ਕਰਨ ’ਤੇ ਉਸ ਵਿਅਕਤੀ ਦਾ ਚਾਲਾਨ ਕੱਟ ਦਿੱਤਾ ਜਾਂਦਾ ਹੈ। ਅਜਿਹਾ ਹੀ ਪਟਿਆਲਾ ਵਿਖੇ ਹੋਇਆ ਜਦੋਂ ਨਾਭਾ ਪੁਲਿਸ ਨੇ ਇਕ ਲੇਡੀ ਡਾਕਟਰ ਦਾ ਕਾਰ ਵਿਚ ਮਾਸਕ ਨਾ ਪਹਿਨਣ ’ਤੇ ਚਾਲਾਨਾ ਕੱਟ ਲਿਆ ਜਿਸ ’ਤੇ ਸਿਵਲ ਸਰਜਨ ਪਟਿਆਲਾ ਵੱਲੋਂ ਐੱਸ ਐੱਸ ਪੀ ਪਟਿਆਲਾ ਨੂੰ ਕਿਹਾ ਗਿਆ ਹੈ ਕਿ ਕਾਰ ਵਿੱਚ ਬੈਠ ਕੇ ਮਾਸਕ ਪਾਉਣਾ ਜਰੂਰੀ ਨਹੀਂ ਹੈ, ਜਿਸ ’ਤੇ ਇਸਦਾ ਚਲਾਨ ਕਰਨਾ ਠੀਕ ਨਹੀਂ । ਇਹ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ ।
ਉਨ੍ਹਾਂ ਨੇ ਇਹ ਗੱਲ ਐਸਐਸਪੀ ਪਟਿਆਲਾ ਨੂੰ ਇਕ ਪੱਤਰ ਲਿਖ ਕੇ ਕਹੀ, ਜਿਸ ਵਿਚ ਕਿਹਾ ਗਿਆ ਸੀ ਕਿ ਅੱਜ ਨਾਭਾ ਵਿਖੇ ਇਕ ਲੇਡੀ ਡਾਕਟਰ ਹਰਜੋਤ ਕੌਰ ਮੈਡੀਕਲ ਅਫਸਰ, ਦਾ ਉਸ ਸਮੇਂ ਚਾਲਾਨ ਕੱਟਿਆ ਗਿਆ ਜਦੋਂ ਉਹ ਕਾਰ ਰਾਹੀਂ ਡਿਊਟੀ ’ਤੇ ਜਾ ਰਹੀ ਸੀ। ਕਾਰ ਵਿਚ ਬੈਠਣ ਵੇਲੇ ਉਨ੍ਹਾਂ ਨੇ ਮਾਸਕ ਨਹੀਂ ਪਹਿਣਿਆ ਸੀ, ਜਿਸ ’ਤੇ ਪੁਲਿਸ ਨੇ ਉਨ੍ਹਾਂ ਦਾ ਚਾਲਾਨਾ ਕੱਟ ਲਿਆ। ਸਿਵਲ ਸਰਜਨ ਨੇ ਕਿਹਾ ਕਿ ਇਹ ਸਹੀ ਨਹੀਂ ਹੈ। ਇਸ ਸਬੰਧੀ ਆਮ ਜਨਤਾ ਵੱਲੋਂ ਵੀ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦਾ ਕਾਰ ਵਿਚ ਬੈਠ ਹੋਏ ਮਾਸਕ ਨਾ ਪਾਉਣ ਕਰਕੇ ਪੁਲਿਸ ਵਿਭਾਗ ਵੱਲੋਂ ਚਾਲਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਸਰਕਾਰ ਵੱਲੋਂ ਜਾਰੀ ਗਾਈਡਲਾਈਨਸ ਦੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਸਰਕਾਰ ਵੱਲੋਂ ਐਪੀਡੈਮਿਕ ਡਿਸੀਜ਼ ਐਕਟ ਅਧੀਨ ਚਲਾਨ ਪਾਉਣ ਸਬੰਧੀ ਜਾਰੀ ਗਾਈਡਲਾਈਨਾਂ ਮੁਤਾਬਕ ਜਨਤਕ ਥਾਵਾਂ ’ਤੇ ਹੀ ਮਾਸਕ ਨਾ ਪਾਉਣ ਕਾਰਨ ਚਲਾਨ ਕੱਟਿਆ ਜਾਣਾ ਚਾਹੀਦਾ ਹੈ, ਨਾ ਕਿ ਕਾਰ ਵਿਚ ਬੈਠੇ ਕਿਸੇ ਵਿਅਕਤੀ ਦਾ। ਇਸ ਲਈ ਸਿਰਫ ਜਨਤਕ ਥਾਵਾਂ ’ਤੇ ਹੀ ਮਾਸਕ ਨਾ ਪਾਉਣ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ, ਜਿਸ ਨਾਲ ਮਾਹੌਲ ਨਾ ਵਿਗੜੇ।