Jawan Gurcharan Singh of : ਗੁਰਦਾਸਪੁਰ : ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਇਕ ਅੱਤਵਾਦੀ ਨਾਲ ਲੋਹਾ ਲੈਂਦੇ ਹੋਏ ਅੱਜ ਭਾਰਤੀ ਫੌਜ ਦੇ ਇਕ ਜਵਾਨ ਗੁਰਚਰਨ ਸਿੰਘ ਦੇ ਸ਼ਹੀਦ ਹੋ ਜਾਣ ਦੀ ਦੁੱਖ ਭਰੀ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਪੁੱਤਰ ਸੁਰਿੰਦਰ ਸਿੰਘ ਹਰਚੋਵਾਲ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਭਾਰਤੀ ਫੌਜ ਨੂੰ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਹਿਜਬੁਲ ਮੁਹਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜੰਮੂ-ਕਸ਼ਮੀਰ ਰਾਜੌਰੀ ਇਲਾਕੇ ਵਿਚ ਲੁਕੇ ਹੋਏ ਹਨ। ਇਸ ਦਾ ਮੁਕਾਬਲਾ ਕਰਨ ਲਈ ਭਾਰਤੀ ਫੌਜ ਨੇ ਸਵੇਰੇ 4 ਵਜੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਕਈ ਘੰਟਿਆਂ ਤੱਕ ਚੱਲੀ ਇਸ ਮੁਠਭੇੜ ਵਿਚ ਲੱਗੀ ਲੜਾਈ ਦੌਰਾਨ ਗੁਰਚਰਨ ਸਿੰਘ ਉਰਫ ਸੋਨੂ ਨੇ ਅੱਤਵਾਦੀਆਂ ਦਾ ਪੂਰੀ ਬਹਾਦੁਰੀ ਨਾਲ ਮੁਕਾਬਲਾ ਕਰਦੇ ਹੋਏ ਪਿੱਛਾ ਕੀਤਾ। ਇਕ ਅੱਤਵਾਦੀ ਵੱਲੋਂ ਗੁਰਚਰਨ ਸਿੰਘ ਦੇ ਪਿੱਛੋਂ ਗੋਲੀਬਾਰੀ ਕੀਤੀ ਗਈ, ਜਿਸ ਨਾਲ ਇਸ ਜਵਾਨ ਦੀ ਮੌਤ ਹੋ ਗਈ। ਇਸ ਲੜਾਈ ਵਿਚ ਇਸ ਬਹਾਦੁਰ ਜਵਾਨ ਨੇ ਹਿਜਬੁਲ ਮੁਜਾਹਿਦੀਨ ਲਸ਼ਕਰ ਦੇ ਪੰਜ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਦੱਸ ਦੇਈਏ ਕਿ ਉਹ ਆਪਣੇ ਪਿੱਛੇ ਆਪਣੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਰਣਜੀਤ ਕੌਰ, ਇਕ 3 ਸਾਲ ਦੀ ਧੀ ਅਤੇ ਇਕ ਸਾਲ ਦਾ ਪੁੱਤਰ ਛੱਡ ਗਏ ਹਨ। ਸ਼ਹੀਦ ਦੀ ਮ੍ਰਿਤਕ ਦੇਹ ਅੱਜ ਹੀ ਗੁਰਦਾਸਪੁਰ ਜ਼ਿਲੇ ਦੇ ਹਰਚੋਵਾਲ ਪਿੰਡ ਵਿਚ ਲਿਆਉਣ ਦੀ ਉਮੀਦ ਹੈ, ਜਿਥੇ ਉਨ੍ਹਾਂ ਦਾ ਸਰਕਾਰ ਵੱਲੋਂ ਪੂਰੇ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।