ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੀ ਬੀਤੀ ਦੇਰ ਰਾਤ ਸਮਰਾਲਾ ਨੇੜੇ ਪਿੰਡ ਪਵਾਤ ਵਿਖੇ ਭਿਆਨਕ ਸੜਕ ਹਾਦਸੇ ‘ਚ ਮੌਤ ਹੋ ਗਈ। ਜਸਦੇਵ ਸਿੰਘ ਅਮਰੀਕਾ ‘ਚ ਰਹਿ ਰਹੇ ਸਨ ਅਤੇ ਸਮਰਾਲਾ ਵਿਖੇ ਹੋਣ ਵਾਲੇ ਸਾਲਾਨਾ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਆਏ ਸਨ। ਉਹ ਆਪਣੀ ਇਨੋਵਾ ਕਾਰ ਵਿੱਚ ਜਾ ਰਹੇ ਸਨ, ਅਚਾਨਕ ਸਰਹਿੰਦ ਨਹਿਰ ਪੁਲ਼ ’ਤੇ ਉਨ੍ਹਾਂ ਦੀ ਗੱਡੀ ਅੱਗੇ ਅਵਾਰਾ ਪਸ਼ੂ ਆ ਜਾਣ ਕਾਰਨ ਪਿੱਛੋਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਗੋਲਾ ਦੀ ਮ੍ਰਿਤਕ ਦੇਹ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਖਿਡਾਰੀ ਤੇ ਖੇਡ ਸੰਸਥਾਵਾਂ ਦੇ ਪ੍ਰਤੀਨਿੱਧੀ ਪਹੁੰਚੇ ਹੋਏ ਸਨ। ਦੱਸਿਆ ਜਾਂਦਾ ਹੈ ਕਿ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਨ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ‘ਚ ਕੈਦ ਹੋਈ ਘਟਨਾ
ਦੱਸ ਦਈਏ ਕਿ ਜਸਦੇਵ ਸਿੰਘ ਗੋਲਾ ਖੁਦ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਕਬੱਡੀ ਖਿਡਾਰੀ ਰਹਿ ਚੁੱਕੇ ਹਨ, ਜਿਨ੍ਹਾਂ ਦਾ ਖੇਡ ਜਗਤ ਵਿੱਚ ਚੰਗਾ ਨਾਂ ਸੀ। ਹੁਣ ਉਹ ਕਬੱਡੀ ਦੇ ਪ੍ਰਮੋਟਰ ਵਜੋਂ ਖੇਡ ਨੂੰ ਪ੍ਰਮੋਟ ਕਰ ਰਿਹਾ ਸੀ ਅਤੇ ਅਮਰੀਕਾ ਰਹਿੰਦਿਆਂ ਵੀ ਉਹ ਆਪਣੀ ਮਿੱਟੀ ਅਤੇ ਪੰਜਾਬ ਦੀ ਖੇਡ ਨਾਲ ਜੁੜੇ ਹੋਏ ਸੀ। ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੇ ਦੇਹਾਂਤ ਨਾਲ ਖੇਡ ਪ੍ਰੇਮੀਆਂ ਤੇ ਖਿਡਾਰੀਆਂ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: