ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਅਜੀਬੋ-ਗਰੀਬ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਇਕ ਵਾਰ ਫਿਰ ਕੋਰੋਨਾ ਨੂੰ ਲੈ ਕੇ ਅਜਿਹਾ ਬਿਆਨ ਆਇਆ ਹੈ, ਜਿਸ ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਕਿਮ ਜੋਂਗ ਨੇ ਕਿਹਾ ਕਿ ਏਲੀਅਨਜ਼ ਕਰਕੇ ਕੋਰੋਨਾ ਫੈਲ ਰਿਹਾ ਹੈ।
ਕਿਮ ਜੋਂਗ ਨੇ ਕਿਹਾ ਕਿ ਦੇਸ਼ ਵਿਚ ਪਹਿਲਾ ਕੋਰੋਨਾ ਕੇਸ ਵੀ ਏਲੀਅਨਜ਼ ਕਰਕੇ ਮਿਲਿਆ ਹੈ। ਉਨ੍ਹਾਂ ਕਿਹਾ ਕਿ ਏਲੀਅਨਜ਼ ਨੇ ਦੱਖਣੀ ਕੋਰੀਆ ਨਾਲ ਜੁੜੀ ਸਰਹੱਦ ਤੋਂ ਗੁਬਾਰੇ ‘ਚ ਵਾਇਰਸ ਸੁੱਟਿਆ ਸੀ। ਉਦੋਂ ਤੋਂ ਦੇਸ਼ ਵਿਚ ਕੋਰੋਨਾ ਵਾਇਰਸ ਫੈਲ ਗਿਆ ਹੈ।
ਉੱਤਰੀ ਕੋਰੀਆ ਵਿੱਚ ਅਫਵਾਹ ਫੈਲੀ ਹੋਈ ਹੈ ਕਿ ਅਪ੍ਰੈਲ ਵਿੱਚ ਇੱਕ 18 ਸਾਲਾਂ ਫੌਜੀ ਅਤੇ ਇੱਕ 5 ਸਾਲ ਦੇ ਬੱਚੇ ਨੇ ਇੱਕ ‘ਏਲੀਅਨ ਵਰਗੀ ਚੀਜ਼’ ਨੂੰ ਛੂਹਿਆ ਸੀ। ਇਸ ਤੋਂ ਬਾਅਦ ਦੋਹਾਂ ‘ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ।
ਹਾਲਾਂਕਿ ਗੁਆਂਢੀ ਦੇਸ਼ ਦੱਖਣੀ ਕੋਰੀਆ ਨੇ ਏਲੀਅਨ ਤੋਂ ਫੈਲਣ ਵਾਲੀ ਥਿਊਰੀ ਨੂੰ ਬਕਵਾਸ ਦੱਸਿਆ ਹੈ। ਸਿਓਲ ਵਿਚ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਕਿਮ ਜੋਂਗ ਦੇ ਦਾਅਵੇ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿਉਂਕਿ ਚੀਜ਼ਾਂ ਰਾਹੀਂ ਵਾਇਰਸ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ।
ਨਾਰਥ ਕੋਰੀਆ ਦੀ ਇੱਕ ਨਿਊਜ਼ ਏਜੰਸੀ ਮੁਤਾਬਕ ਸਰਕਾਰ ਨੇ ਸਰਹੱਦ ਨਾਲ ਲੱਗਦੇ ਇਲਾਕਿਆਂ ਲਈ ਕੁਝ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਕਿਹਾ ਕਿ ਸਰਹੱਦ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਹਵਾ ਰਾਹੀਂ ਆਉਣ ਵਾਲੀਆਂ ਚੀਜ਼ਾਂ ਯਾਨੀ ਗੁਬਾਰੇ ਅਤੇ ਏਲੀਅਨ ਵਰਗੀਆਂ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜੇ ਕੋਈ ਅਜਿਹੀ ਚੀਜ਼ ਵੇਖੇ ਤਾਂ ਪੁਲਿਸ ਨੂੰ ਸੂਚਿਤ ਕਰੋ।
ਦੱਸ ਦੇਈਏ ਕਿ ਕਰੀਬ ਢਾਈ ਸਾਲਾਂ ਤੱਕ ਕੋਰੋਨਾ ਵਾਇਰਸ ਤੋਂ ਬਚਣ ਦਾ ਦਾਅਵਾ ਕਰਨ ਤੋਂ ਬਾਅਦ, ਉੱਤਰੀ ਕੋਰੀਆ ਵਿੱਚ ਅਪ੍ਰੈਲ ਦੇ ਅਖੀਰ ਤੋਂ ਲਗਭਗ 20 ਲੱਖ ਲੋਕ ਰਹੱਸਮਈ ਬੁਖਾਰ ਤੋਂ ਪੀੜਤ ਸਨ। 12 ਮਈ ਨੂੰ ਉੱਤਰੀ ਕੋਰੀਆ ਨੇ ਐਲਾਨ ਕੀਤਾ ਕਿ ਉਸ ਦੇ ਦੇਸ਼ ਵਿੱਚ ਪਹਿਲੀ ਵਾਰ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਤੋਂ ਬਾਅਦ ਕਿਮ ਜੋਂਗ ਨੇ ਪੂਰੇ ਦੇਸ਼ ‘ਚ ਲਾਕਡਾਊਨ ਲਗਾ ਦਿੱਤਾ।