ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਜਵਾਈ ਬਣ ਗਏ ਹਨ। ਭਗਵੰਤ ਮਾਨ ਦਾ ਵਿਆਹ ਚੰਡੀਗੜ੍ਹ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੇ ਰਹਿਣ ਵਾਲੇ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ। ਡਾ. ਗੁਰਪ੍ਰੀਤ ਕੌਰ ਨੂੰ ਪਿਹੋਵਾ ਵਿਚ ਆਪਣੇ ਘਰ ਅਤੇ ਆਂਢ-ਗੁਆਂਢ ਵਿਚ ‘ਗੋਪੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਹੋਵਾ ਦਾ ਜਵਾਈ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਦੌਰਾਨ ਮਾਨ ਦੀ ਮਾਂ ਹਰਪਾਲ ਕੌਰ ਕਾਫੀ ਭਾਵੁਕ ਨਜ਼ਰ ਆਈ। ਪੁੱਤਰ ਦਾ ਘਰ ਵੱਸਦਾ ਵੇਖ ਸੰਤੁਸ਼ਟੀ ਅਤੇ ਖੁਸ਼ੀ ਉਸ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਪੂਰੀ ਤਰ੍ਹਾਂ ਖੁਸ਼ ਨਜ਼ਰ ਆਈ। ਇਸ ਖੁਸ਼ੀ ਵਿੱਚ ਉਹ ਆਪਣੇ ਪੈਰ ਨੱਚਣ ਤੋਂ ਨਹੀਂ ਰੋਕ ਸਕੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਗੁਰਪ੍ਰੀਤ ਕੌਰ ਨੂੰ ਜੱਫੀ ਪਾ ਕੇ ਵਧਾਈ ਦਿੱਤੀ।
ਭਗਵੰਤ ਮਾਨ ਦੀ ਮਾਂ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਹੋਏ ਤਲਾਕ ਤੋਂ ਬਹੁਤ ਦੁਖੀ ਸੀ। ਉਸ ਦੇ ਪੁੱਤ ਨੇ ਰਾਜਨੀਤੀ ਵਿਚ ਸਫਲਤਾ ਹਾਸਲ ਕੀਤੀ ਸੀ ਪਰ ਪਰਿਵਾਰ ਨਾਲ ਨਾ ਹੋਣ ਕਾਰਨ ਉਹ ਨਿਰਾਸ਼ ਰਹਿੰਦਾ ਸੀ। ਇਹੀ ਕਾਰਨ ਹੈ ਕਿ ਵੀਰਵਾਰ ਨੂੰ ਜਦੋਂ ਉਸ ਦੇ ਬੇਟੇ ਦਾ ਵਿਆਹ ਹੋਇਆ ਤਾਂ ਜ਼ਿਆਦਾਤਰ ਸਮਾਂ ਉਹ ਹੱਥ ਜੋੜ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਨਜ਼ਰ ਆਈ।
ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੀ ਦੂਜੀ ਪਤਨੀ ਬਣ ਗਈ ਹੈ। ਪਿਹੋਵਾ ਦੇ ਵਾਰਡ-5 ਦੀ ਤਿਲਕ ਕਾਲੋਨੀ ਵਿੱਚ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਇੱਥੇ ਟੈਗੋਰ ਪਬਲਿਕ ਸਕੂਲ ਵਿੱਚ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਸੈਣੀ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੋਣਹਾਰ ਸੀ। ਗੁਰਪ੍ਰੀਤ ਕੌਰ ਨੇ ਸਾਲ 2010-11 ਵਿੱਚ 10ਵੀਂ ਜਮਾਤ ਚੰਗੇ ਅੰਕਾਂ ਨਾਲ ਪਾਸ ਕੀਤੀ ਸੀ। ਉਸ ਤੋਂ ਬਾਅਦ ਗੁਰਪ੍ਰੀਤ ਨੇ ਚੰਡੀਗੜ੍ਹ ਤੋਂ 11ਵੀਂ/12ਵੀਂ (ਮੈਡੀਕਲ) ਦੀ ਪੜ੍ਹਾਈ ਕੀਤੀ।
ਗੁਰਪ੍ਰੀਤ ਕੌਰ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ। 12ਵੀਂ ਤੋਂ ਬਾਅਦ ਉਸਨੇ ਅੰਬਾਲਾ ਦੇ ਮੁਲਾਨਾ ਵਿੱਚ ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ (ਐਮਐਮਯੂ) ਮੈਡੀਕਲ ਕਾਲਜ ਵਿੱਚ ਐਮਬੀਬੀਐਸ ਵਿੱਚ ਦਾਖਲਾ ਲਿਆ। ਉਸਨੇ ਸਾਲ 2017 ਵਿੱਚ ਐਮਬੀਬੀਐਸ ਪੂਰੀ ਕੀਤੀ।
ਗੁਰਪ੍ਰੀਤ ਕੌਰ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ। ਉਨ੍ਹਾਂ ਦੀ ਵੱਡੀ ਭੈਣ ਨੀਰੂ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਜੱਗੂ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਵੀ ਕੈਨੇਡਾ ਦੀ ਸਿਟੀਜ਼ਨਸ਼ਿਪ ਹੈ। ਉਸਦੀ ਮਾਤਾ ਰਾਜ ਹਰਜਿੰਦਰ ਕੌਰ ਇੱਕ ਘਰੇਲੂ ਔਰਤ ਹੈ।
ਵੀਡੀਓ ਲਈ ਕਲਿੱਕ ਕਰੋ -: