Knowledge Parks to be set up : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਾਇੰਸ ਅਤੇ ਗਣਿਤ ਸਣੇ ਵੱਖ-ਵੱਖ ਵਿਸ਼ਿਆਂ ’ਤੇ ਪਕੜ ਮਜ਼ਬੂਤ ਬਣਾਉਣ ਲਈ ਸਿੱਖਿਆ ਵਿਭਾਗ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਨਾਲ ਜਿਥੇ ਬੱਚਿਆਂ ਦੀ ਇਨ੍ਹਾਂ ਵਿਸ਼ਿਆਂ ’ਚ ਦਿਲਚਸਪੀ ਵਧੇਗੀ, ਉਥੇ ਖੇਡ-ਖੇਡ ਵਿੱਚ ਵਿਸ਼ਿਆਂ ਦੇ ਸਵਾਲਾਂ ਦੇ ਜਵਾਬ ਅਸਾਨੀ ਨਾਲ ਮਿਲ ਜਾਣਗੇ। ਇਹ ਪ੍ਰੋਜੈਕਟ ਪੰਜਾਬ ਭਰ ਦੇ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਵਿਭਾਗ ਦੀ ਸਮਾਰਟ ਸਕੂਲ ਮੁਹਿੰਮ ਤਹਿਤ ਨਾਲੇਜ ਪਾਰਕ ਬਣਾਏ ਜਾ ਰਹੇ ਹਨ। ਇਸ ਪ੍ਰਾਜੈਕਟ ਉੱਤੇ ਤਕਰੀਬਨ ਦੋ ਕਰੋੜ ਵੀਹ ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਸ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤੱਕ 1100 ਸਕੂਲਾਂ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ।
ਮੁਹਾਲੀ ਵਿੱਚ 30 ਨਾਲੇਜ ਪਾਰਕ ਬਣਾਏ ਜਾਣਗੇ। ਕੋਵਿਡ ਕਾਰਨ ਸਕੂਲ ਪਿਛਲੇ ਅੱਠ ਮਹੀਨਿਆਂ ਤੋਂ ਬੰਦ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਵਿਦਿਆਰਥੀ ਸਕੂਲ ਪਹੁੰਚਣਗੇ, ਉਨ੍ਹਾਂ ਨੂੰ ਨਵੇਂ ਤਜ਼ਰਬੇ ਪ੍ਰਾਪਤ ਹੋਣਗੇ. ਹਾਲਾਂਕਿ, ਅਗਲੇ ਮਹੀਨੇ ਸੀਨੀਅਰ ਕਲਾਸਾਂ ਲਈ ਸਕੂਲ ਖੋਲ੍ਹੇ ਜਾ ਸਕਦੇ ਹਨ। ਇਸ ਪ੍ਰੋਜੈਕਟ ਲਈ ਵੱਖ-ਵੱਖ ਸ਼ਾਖਾਵਾਂ, ਆਰਟ ਐਂਡ ਕਰਾਫਟ ਦੇ ਅਧਿਆਪਕਾਂ ਅਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਅਤੇ ਬਲਾਕ ਅਧਿਆਪਕਾਂ ਦੇ ਸਹਿਯੋਗ ਨਾਲ ਇੱਕ ਯੋਜਨਾ ਤਿਆਰ ਕੀਤੀ ਗਈ ਹੈ। ਸਕੂਲ ਜਿਨ੍ਹਾਂ ਥਾਵਾਂ ‘ਤੇ ਹਨ, ਉਨ੍ਹਾਂ ਵਿੱਚ ਸਾਰੇ ਵਿਸ਼ਿਆਂ ਦਾ ਇੱਕ ਸਾਮੂਹਿਕ ਨਾਲੇਜ ਪਾਰਕ ਬਣਾਇਆ ਜਾਵੇਗਾ। ਇਸ ਦੇ ਲਈ ਕਈ ਤਰ੍ਹਾਂ ਦੀਆਂ ਸਮੱਗਰੀਆਂ ਜਿਵੇਂ ਕਿ ਮਾਡਲਾਂ ਅਤੇ ਆਕਰਸ਼ਕ ਚੀਜ਼ਾਂ ਦੀ ਵਰਤੋਂ ਕੀਤੀ ਜਾਏਗੀ, ਜਿਨ੍ਹਾਂ ’ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਿਆ ਹੋਵੇਗਾ। ਅਜਿਹੇ ਪਾਰਕਾਂ ਦੀ ਸਹੀ ਦੇਖਭਾਲ ਕੀਤੀ ਜਾਏਗੀ।
ਦੱਸਣਯੋਗ ਹੈ ਕਿ ਮੋਹਾਲੀ ਤੋਂ ਇਲਾਵਾ ਅੰਮ੍ਰਿਤਸਰ ਵਿੱਚ 80, ਬਰਨਾਲਾ ਵਿੱਚ 30, ਬਠਿੰਡਾ ਵਿੱਚ 50, ਫਤਿਹਗੜ ਸਾਹਿਬ ਵਿੱਚ 30, ਫਰੀਦਕੋਟ ਵਿੱਚ 30, ਫਾਜ਼ਿਲਕਾ ਵਿੱਚ 50, ਫਿਰੋਜ਼ਪੁਰ ਵਿੱਚ 40, ਗੁਰਦਾਸਪੁਰ ਵਿੱਚ 80, ਹੁਸ਼ਿਆਰਪੁਰ ਵਿੱਚ 80, ਜਲੰਧਰ ਵਿੱਚ 70, ਕਪੂਰਥਲਾ ਵਿੱਚ 30, ਲੁਧਿਆਣਾ ਵਿੱਚ 90, ਮਾਨਸਾ ਦੇ 30, ਮੋਗਾ ਵਿੱਚ 30, ਪਠਾਨਕੋਟ ਵਿੱਚ 40, ਪਟਿਆਲਾ ਵਿੱਚ 90, ਜ਼ਿਲ੍ਹਾ ਰੂਪਨਗਰ ਵਿੱਚ 50, ਸੰਗਰੂਰ ਵਿੱਚ 60, ਸ਼ਹੀਦ ਭਗਤ ਸਿੰਘ ਨਗਰ ਵਿੱਚ 30, ਸ੍ਰੀ ਮੁਕਤਸਰ ਸਾਹਿਬ ਵਿੱਚ 30 ਅਤੇ ਜ਼ਿਲ੍ਹਾ ਤਰਨਤਾਰਨ ਵਿੱਚ 50 ਸਰਕਾਰੀ ਸਕੂਲਾਂ ਵਿੱਚ ਨਾਲੇਜ ਪਾਰਕ ਬਣਾਏ ਜਾਣਗੇ।