ਮਾਪਿਆਂ ਦੇ ਆਪਸੀ ਝਗੜੇ ਕਾਰਨ ਮੁਸੀਬਤ ਵਿੱਚ ਫਸੇ 12 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਡਿਊਟੀ ਦੌਰਾਨ ਉਸ ਨੂੰ ਆਪਣਾ ਦੁੱਧ ਪਿਲਾਇਆ। ਘਟਨਾ ਬਾਰੇ ਪਤਾ ਲੱਗਣ ‘ਤੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਕੇਰਲ ਹਾਈ ਕੋਰਟ ਦੇ ਜੱਜ ਨੇ ਅਧਿਕਾਰੀ ਦੀ ਤਾਰੀਫ਼ ਕੀਤੀ। ਇਸ ਅਧਿਕਾਰੀ ਨੂੰ ਸਰਟੀਫਿਕੇਟ ਸੌਂਪਿਆ ਗਿਆ, ਜਿਸ ਵਿੱਚ ਲਿਖਿਆ ਹੈ ਕਿ ਤੁਸੀਂ ਪੁਲਿਸਿੰਗ ਦਾ ਸਭ ਤੋਂ ਵਧੀਆ ਰੂਪ ਪੇਸ਼ ਕੀਤਾ ਹੈ। ਤੁਸੀਂ ਇੱਕ ਮਹਾਨ ਅਫਸਰ ਅਤੇ ਇੱਕ ਸੱਚੀ ਮਾਂ ਦੋਵੇਂ ਹੋ।
ਇਹ ਘਟਨਾ 29 ਅਕਤੂਬਰ ਦੀ ਹੈ। ਨਵਜੰਮੇ ਬੱਚੇ ਦੀ ਮਾਂ ਨੇ ਕੋਝੀਕੋਡ ਦੇ ਚੇਵਯੂਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਬੱਚਾ ਲਾਪਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨਾਲ ਝਗੜੇ ਤੋਂ ਬਾਅਦ ਉਹ ਬੱਚੇ ਨੂੰ ਆਪਣੇ ਨਾਲ ਲੈ ਗਿਆ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਲੱਗਾ ਕਿ ਪਿਤਾ ਬੇਂਗਲੁਰੂ ‘ਚ ਕੰਮ ਕਰਦਾ ਹੈ ਅਤੇ ਉਹ ਬੱਚੇ ਨਾਲ ਉਥੇ ਜਾ ਸਕਦਾ ਹੈ। ਵਾਇਨਾਡ ਸਰਹੱਦ ‘ਤੇ ਪੁਲਿਸ ਥਾਣਿਆਂ ਨੂੰ ਚੌਕਸ ਕਰ ਦਿੱਤਾ ਗਿਆ ਅਤੇ ਰਾਜ ਦੀ ਸਰਹੱਦ ‘ਤੇ ਗੱਡੀਆਂ ਦੀ ਭਾਰੀ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਸੁਲਤਾਨ ਬਥੇਰੀ ਪੁਲਿਸ ਨੇ ਬੱਚੇ ਅਤੇ ਪਿਤਾ ਨੂੰ ਫੜ ਲਿਆ।
ਬੱਚੇ ਨੂੰ ਕਾਫੀ ਸਮੇਂ ਤੋਂ ਮਾਂ ਦਾ ਦੁੱਧ ਨਹੀਂ ਮਿਲਿਆ ਸੀ, ਜਿਸ ਕਰਕੇ ਉਸ ਦੀ ਹਾਲਤ ਵਿਗੜ ਰਹੀ ਸੀ। ਬੱਚੇ ਨੂੰ ਤੁਰੰਤ ਨੇੜਲੇ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੇ ਦਾ ਸ਼ੂਗਰ ਲੈਵਲ ਬਹੁਤ ਘੱਟ ਪਾਇਆ ਗਿਆ। ਪੁਲਿਸ ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਿਸ ਅਧਿਕਾਰੀ ਰਮਿਆ ਚੇਵਯੂਰ ਦੀ ਪੁਲਿਸ ਟੀਮ ਦਾ ਹਿੱਸਾ ਸੀ। ਉਹ ਬੱਚੇ ਨੂੰ ਵਾਪਸ ਲਿਆਉਣ ਲਈ ਵਾਇਨਾਡ ਗਈ ਸੀ। ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਬੱਚੇ ਨੂੰ ਮਾਂ ਦੇ ਦੁੱਧ ਦੀ ਸਖ਼ਤ ਲੋੜ ਹੈ, ਤਾਂ ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਹ ਨਰਸਿੰਗ ਮਾਂ ਹੈ ਅਤੇ ਫਿਰ ਬੱਚੇ ਨੂੰ ਦੁੱਧ ਪਿਲਾ ਕੇ ਉਸ ਦੀ ਜਾਨ ਬਚਾਈ।
ਉਸੇ ਰਾਤ ਬੱਚੇ ਨੂੰ ਮਾਂ ਕੋਲ ਲਿਆਂਦਾ ਗਿਆ। ਕੋਝੀਕੋਡ ਜ਼ਿਲ੍ਹੇ ਦੇ ਚਿੰਗਾਪੁਰਮ ਦੀ ਰਹਿਣ ਵਾਲੀ ਰਮਿਆ ਨੇ ਹਾਲ ਹੀ ਵਿੱਚ ਮੈਟਰਨਿਟੀ ਲੀਵ ਤੋਂ ਬਾਅਦ ਦੁਬਾਰਾ ਡਿਊਟੀ ਜੁਆਇਨ ਕੀਤੀ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਦੇ ਚਾਰ ਅਤੇ ਇੱਕ ਸਾਲ ਦੇ ਦੋ ਬੱਚੇ ਹਨ ਅਤੇ ਉਸ ਦਾ ਪਤੀ ਇੱਕ ਸਕੂਲ ਅਧਿਆਪਕ ਹੈ। ਉਹ ਚਾਰ ਸਾਲ ਪਹਿਲਾਂ ਮਹਿਲਾ ਬਟਾਲੀਅਨ ਦੇ ਦੂਜੇ ਬੈਚ ਵਿੱਚ ਸਿਖਲਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਫੋਰਸ ਵਿੱਚ ਭਰਤੀ ਹੋਈ ਸੀ ਅਤੇ ਫਿਰ ਹਥਿਆਰਬੰਦ ਪੁਲਿਸ ਬਟਾਲੀਅਨ ਦੇ ਚੌਥੇ ਦਸਤੇ ਵਿੱਚ ਸੇਵਾ ਨਿਭਾਈ।
ਇਹ ਵੀ ਪੜ੍ਹੋ : ਬਰਨਾਲਾ : ਪਰਾਲੀ ਦੀ ਅੱਗ ਬੁਝਾਉਣ ਗਈ ਫਾਇਰ ਬ੍ਰਿਗੇਡ ਦੀ ਟੀਮ ਤੇ ਨਾਇਬ ਤਹਿਸੀਲਦਾਰ ਨੂੰ ਬਣਾਇਆ ਬੰਧਕ
ਰਾਜ ਪੁਲਿਸ ਦੇ ਮੀਡੀਆ ਵਿੰਗ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਮੁਤਾਬਕ ਕੇਰਲ ਹਾਈ ਕੋਰਟ ਦੇ ਜੱਜ ਦੇਵਨ ਰਾਮਚੰਦਰਨ ਨੇ ਰਾਜ ਦੇ ਪੁਲਿਸ ਮੁਖੀ ਨੂੰ ਇੱਕ ਪੱਤਰ ਵਿੱਚ ਸਿਵਲ ਪੁਲਿਸ ਅਧਿਕਾਰੀ ਐਮ.ਆਰ. ਰਮਿਆ ਦੀ ਤਾਰੀਫ ਕੀਤੀ ਅਤੇ ਉਸ ਨੂੰ ਦੇਣ ਲਈ ਸਰਟੀਫਿਕੇਟ ਵੀ ਭੇਜਿਆ ਹੈ।
ਸਰਟੀਫਿਕੇਟ ‘ਚ ਜਸਟਿਸ ਰਾਮਚੰਦਰਨ ਨੇ ਕਿਹਾ ਹੈ ਕਿ ਅੱਜ ਤੁਸੀਂ ਪੁਲਸਿੰਗ ਦਾ ਸਭ ਤੋਂ ਖੂਬਸੂਰਤ ਰੂਪ ਹੋ। ਤੁਸੀਂ ਇੱਕ ਮਹਾਨ ਅਫਸਰ ਅਤੇ ਇੱਕ ਸੱਚੀ ਮਾਂ ਦੋਵੇਂ ਹੋ। ਇਸ ਵਿੱਚ ਕਿਹਾ ਗਿਆ ਹੈ, ਮਾਂ ਦਾ ਦੁੱਧ ਰੱਬ ਦਾ ਵਰਦਾਨ ਹੈ, ਜੋ ਸਿਰਫ ਮਾਂ ਹੀ ਦੇ ਸਕਦੀ ਹੈ ਅਤੇ ਤੁਸੀਂ ਡਿਊਟੀ ਦੌਰਾਨ ਉਸ ਨੂੰ ਦਿੱਤਾ। ਤੁਸੀਂ ਸਾਡੇ ਸਾਰਿਆਂ ਵਿੱਚ ਭਵਿੱਖ ਲਈ ਮਨੁੱਖਤਾ ਦੀ ਉਮੀਦ ਨੂੰ ਜ਼ਿੰਦਾ ਰੱਖ ਰਹੇ ਹੋ। ਇਸ ਤੋਂ ਇਲਾਵਾ ਪੁਲਿਸ ਮੁਖੀ ਅਨਿਲ ਕਾਂਤ ਨੇ ਰਾਮਿਆ ਨੂੰ ਪ੍ਰਸ਼ੰਸਾ ਪੱਤਰ ਵੀ ਸੌਂਪਿਆ ਅਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਪੁਲਿਸ ਹੈੱਡਕੁਆਰਟਰ ਆਉਣ ਦਾ ਸੱਦਾ ਦਿੱਤਾ। ਬਿਆਨ ਮੁਤਾਬਕ ਕਾਂਤ ਨੇ ਕਿਹਾ ਕਿ ਰਾਮਿਆ ਦੇ ਇਸ ਕੰਮ ਨਾਲ ਪੁਲਿਸ ਦਾ ਅਕਸ ਸੁਧਰਿਆ ਹੈ।
ਵੀਡੀਓ ਲਈ ਕਲਿੱਕ ਕਰੋ -: