ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਿਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪੁਲਿਸ ਹਰ ਉਸ ਗੈਂਗਸਟਰ ਤੋਂ ਪੁੱਛ-ਗਿੱਛ ਕਰ ਰਹੀ ਹੈ, ਜਿਸ ‘ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਤਾਰ ਇਸ ਕਤਲਕਾਂਡ ਨਾਲ ਜੁੜੇ ਹੋਏ ਹਨ। ਇਸ ਲਈ ਜਿਹੜੇ ਗੈਂਗਸਟਰ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਵੀ ਰਿਮਾਂਡ ‘ਤੇ ਲਿਆ ਜਾ ਰਿਹਾ ਹੈ। ਇਸੇ ਕੜੀ ਵਿੱਚ ਪੁਲਿਸ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਲੀ ਮੋੜ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ। ਲਾਲੀ ਨੂੰ ਤਿੰਨ ਦਿਨਾਂ ਦੇ ਰਿਮਾਂਡ ‘ਤੇ ਮਾਨਸਾ ਲਿਆਂਦਾ ਗਿਆ ਹੈ।
ਦੱਸ ਦੇਈਏ ਕਿ ਲਾਲੀ ਮੋੜ ਫਿਰੋਜ਼ਪੁਰ ਵਿੱਚ ਹੀ ਮਨਪ੍ਰੀਤ ਸਿੰਘ ਮੰਨਾ ਨਾਲ ਇੱਕੋ ਬੈਰਕ ਵਿੱਚ ਬੰਦ ਹੈ। ਲਾਲੀ ਮੋੜ ਦੇ ਗੋਲਡੀ ਬਰਾੜ ਨਾਲ ਸਿੱਧੇ ਲਿੰਕ ਨੇ ਤੇ ਉਹ ਗੋਲਡੀ ਬਰਾੜ ਦਾ ਕਾਫੀ ਖਾਸਮਖਾਸ ਮੰਨਿਆ ਜਾਂਦਾ ਹੈ। ਸ਼ਾਰਪ ਸ਼ੂਟਰ ਹਰਕਮਲ ਰਾਣੂ ਵੀ ਲਾਲੀ ਮੋੜ ਗਰੁੱਪ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਕਤਲਕਾਂਡ ਨੂੰ ਲਿੰਕ ਬਾਈ ਲਿੰਕ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਇਸ ਕਤਲ ਦੀ ਸਾਜ਼ਿਸ਼ ਰਚੀ ਗਈ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਪਹਿਲਾਂ ਪੁਲਿਸ ਨੇ ਕੇਸ਼ਵ ਅਤੇ ਹਰਕਮਲ ਰਾਣੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕੇਸ਼ਵ ਦਾ ਦੋਸਤ ਚੇਤਨ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ।
ਲਾਲੀ ਮੌੜ ਗੈਂਗ ਦੀਆਂ ਤਾਰਾਂ ਕੈਨੇਡਾ ‘ਚ ਬੈਠੇ ਗੋਲਡੀ ਬਰਾੜ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ। ਇਸ ਕਰਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਬਣਾਈ ਗਈ ਅੱਠ ਗੈਂਗਸਟਰਾਂ ਦੀ ਟੀਮ ਵਿੱਚ ਰਾਣੂ ਵੀ ਸ਼ਾਮਲ ਸੀ। ਰਾਣੂ ਨੂੰ ਗੈਂਗਸਟਰ ਲਾਲੀ ਮੋੜ ਦਾ ਕਰੀਬੀ ਮੰਨਿਆ ਜਾਂਦਾ ਹੈ। ਮੋੜ ਆਪਣੇ ਗਰੁੱਪ ਵਿੱਚ ਰਾਣੂ ‘ਤੇ ਸਭ ਤੋਂ ਵੱਧ ਭਰੋਸਾ ਕਰਦਾ ਹੈ। ਦੋਵਾਂ ‘ਤੇ ਕਰੀਬ ਢਾਈ ਸਾਲ ਪਹਿਲਾਂ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਵੀ ਦੋਸ਼ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਇਸ ਕਤਲਕਾਂਡ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਹੈ।