ਹਰਿਆਣਾ ਦੇ ਕਰਨਾਲ ਤੋਂ ਫੜੇ ਗਏ ਚਾਰ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ਵਿੱਚ ਦੇਸੀ ਪਿਸਟਲ, 31 ਜ਼ਿੰਦਾ ਕਾਰਤੂਸ ਤੇ IEDs ਨਾਲ ਭਰੇ ਤਿੰਨ ਬਕਸੇ ਮਿਲੇ ਹਨ। ਫੜੇ ਗਏ ਅੱਤਵਾਦੀਆਂ ਵਿੱਚੋਂ ਦੋ ਸਕੇ ਭਰਾ ਹਨ। ਪੁਲਿਸ ਨੇ ਚਾਰੋ ਅੱਤਵਾਦੀਆਂ ਨੂੰ 10 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ।
ਹੁਣ ਤੱਕ ਦੀ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਇਹ ਅੱਤਵਾਦੀ ਸਿਗਨਲ ਤੇ ਵੀ.ਆਈ.ਪੀ. ਐਪਸ ਰਾਹੀਂ ਲਗਾਤਾਰ ਗੱਲਬਾਤ ਕਰ ਰਹੇ ਸਨ। ਇਨ੍ਹਾਂ ਨੂੰ ਜੋ ਵੀ ਹੁਕਮ ਦਿੱਤੇ ਜਾ ਰਹੇ ਸਨ, ਉਨ੍ਹਾਂ ਵਿੱਚ ਇਨ੍ਹਾਂ ਐਪਸ ਦਾ ਅਹਿਮ ਰੋਲ ਸੀ, ਜਿਸ ਨਾਲ ਇਹ ਗੱਲਬਾਤ ਕਰ ਰਹੇ ਸਨ।
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਗੁਰਪ੍ਰੀਤ ਲੁਧਿਆਣਾ ਜੇਲ੍ਹ ਵਿੱਚ ਬੰਦ ਸੀ, ਜਿਥੇ ਉਸ ਦੀ ਮੁਲਾਕਾਤ ਬਟਾਲਾ ਦੇ ਰਾਜਵੀਰ ਸਿੰਘ ਨਾਲ ਹੋਈ। ਰਾਜਵੀਰ ਨੇ ਗੁਰਪ੍ਰੀਤ ਦੀ ਮੁਲਾਕਾਤ ਪਾਕਿਸਤਾਨ ਵਿੱਚ ਰਹਿ ਰਹੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਕਰਵਾਈ। ਗੱਲਬਾਤ ਲਈ ਨਾ ਮੋਬਾਈਲ ਫੋਨ ਤੇ ਨਾ ਵ੍ਹਾਟਸਐਪ ਦਾ ਇਸਤੇਮਾਲ ਹੋਇਆ, ਸਗੋਂ ਸਿਗਨਲ ਐਪ ਦਾ ਇਸਤੇਮਾਲ ਹੋਇਆ। ਰਿੰਦਾ ਨੇ ਗੁਰਪ੍ਰੀਤ ਨੂੰ ਇਸ ਦੀਆਂ ਦੱਸੀਆਂ ਗਈਆਂ ਥਾਵਾਂ ‘ਤੇ ਹਥਿਆਰ ਪਹੁੰਚਾਉਣ ਦਾ ਕੰਮ ਸੌਂਪਿਆ, ਜਿਸ ਦੇ ਬਦਲੇ ਉਸ ਨੂੰ ਪੈਸਾ ਦੇਣ ਦਾ ਭਰੋਸਾ ਦਿੱਤਾ ਗਿਆ।
ਗੁਰਪ੍ਰੀਤ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਧਮਾਕਾਖੇਜ਼ ਸਮੱਗਰੀ ਤੇ ਹਥਿਆਰ ਡਰੋਨ ਰਾਹੀਂ ਮਿਲਣਗੇ। ਹਥਿਆਰ ਇੱਕ ਆਕਾਸ਼ਦੀਪ ਨਾਂ ਦੇ ਬੰਦੇ ਦੇ ਨਾਣਕਿਆਂ ਦੇ ਖੇਤ ਵਿੱਚ ਪਹੁੰਚਾਏ ਗਏ ਸਨ। ਇਨ੍ਹਾਂ ਹਥਿਆਰਾਂ ਨੂੰ ਅਦਿਲਾਬਾਦ ਪਹੁੰਚਾਉਣ ਲਈ ਕਿਹਾ ਗਿਆ ਸੀ। ਅਦਿਲਾਬਾਦ ਦੀ ਲੋਕੇਸ਼ਨ ਵੀ.ਆਈ.ਪੀ. ਐਪ ‘ਤੇ ਸ਼ੇਅਰ ਕੀਤੀ ਗਈ ਸੀ। ਚਾਰੇ ਅੱਤਵਾਦੀਆਂ ਦੀ ਗ੍ਰਿਫਤਾਰੀ ਮਗਰੋਂ ਉਨ੍ਹਾਂ ਕੋਲੋਂ ਧਮਾਕਾਖੇਜ਼ ਸਮੱਗਰੀ ਐਕਟ 1960 ਦੀ ਧਾਰਾ 4, 5 ਹਥਿਆਰਬੰਦ ਐਕਟ ਦੀ ਧਾਰਾ 25, ਯੂਏਪੀਏ 1959 59 ਦੀ ਧਾਰਾ 13, 18, 20 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਰਿਆਣਾ ਪੁਲਿਸ ਦੇ ਏਡੀਜੀਪੀ ਸੰਦੀਪ ਖਿਰਵਾਰ ਮੁਤਾਬਕ ਇਸ ਸਾਜ਼ਿਸ਼ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਮੁਤਾਬਕ ਇਸ ਸਾਜ਼ਿਸ਼ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ, ਜਿਨ੍ਹਾਂ ਵਿੱਚੋਂ ਕੁਝ ਸ਼ੱਕੀਆਂ ਦੀਆਂ ਜਲਦ ਹੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਹੁਣ ਤੱਕ ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਇਸ ਤੋਂ ਪਹਿਲਾਂ ਵੀ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦੀਆਂ ਦੋ ਵੱਡੀਆਂ ਖੇਪਾਂ ਹਾਸਲ ਕਰਨ ਮਗਰੋਂ ਉਸ ਨੂੰ ਟਿਕਾਣਿਆਂ ‘ਤੇ ਪਹੁੰਚਾ ਚੁੱਕੇ ਹਨ। ਇੱਕ ਖੇਪ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਪਹੁੰਚਾਈ ਗਈ ਸੀ। ਦੋਸ਼ੀਆਂ ਨੇ ਕਬੂਲਿਆ ਹੈ ਕਿ ਹੁਣ ਤੱਕ ਤਿੰਨ ਵਾਰ ਧਮਾਕਾਖੇਜ਼ ਸਮੱਗਰੀ ਨੂੰ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਪਹੁੰਚਾ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕੌਣ ਹੈ ਹਰਵਿੰਦਰ ਸਿੰਘ ਰਿੰਦਾ?
ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਹਰਵਿੰਦਰ ਸਿੰਘ ਰਿੰਦਾ ਦਾ ਸਬੰਧ ਨਾਂਦੇੜ ਨਾਲ ਵੀ ਰਿਹਾ ਹੈ। ਉਹ 11 ਸਾਲ ਦੀ ਉਮਰ ਵਿੱਚ ਨਾਂਦੇੜ ਚਲਾ ਗਿਆ, ਜਿਥੇ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋ ਗਿਆ। ਉਸ ਨੇ 18 ਸਾਲ ਦੀ ਉਮਰ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ। ਨਾਂਦੇੜ ਵਿੱਚ ਉਹ ਕਈ ਲੁੱਟ-ਮਾਰ ਤੇ ਕਤਲ ਦੀ ਕੋਸ਼ਿਸ਼ ਵਰਗੇ ਮਾਮਲਿਆਂ ਵਿੱਚ ਲੋੜੀਂਦਾ ਹੈ। ਜਦੋਂ ਉਸ ‘ਤੇ ਪੁਲਿਸ ਦਾ ਦਬਾਅ ਵਧਿਆ ਤਾਂ ਉਹ 2016 ਵਿੱਚ ਪੰਜਾਬ ਪਰਤ ਆਇਆ। 2016 ਤਂ 2018 ਵਿਚਾਲੇ ਉਹ ਵਿਦਿਆਰਥੀ ਸਿਆਸਤ ਵਿੱਚ ਵੀ ਰਿਹਾ। ਇਸ ਦੌਰਾਨ ਉਸ ਖਿਲਾਫ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਤੇ ਆਰਮਸ ਐਕਟ ਵਰਗੇ 4 ਮਾਮਲੇ ਦਰਜ ਹੋਏ।
ਰਿੰਦਾ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਉਹ ਲੁਧਿਆਣਾ ਬੰਬ ਬਲਾਸਟ ਤੇ ਨਵਾਂਸ਼ਹਿਰ ਸੀ.ਆਈ.ਏ. ਪੁਲਿਸ ਸਟੇਸ਼ਨ ਦੇ ਬਾਹਰ ਹੋਏ ਧਮਾਕਿਆਂ ਵਿੱਚ ਵੀ ਸ਼ਾਮਲ ਰਿਹਾ। ਪੁਲਿਸ ਨੂੰ ਸ਼ੱਕ ਹੈ ਕਿ ਪਿਛਲੇ ਮਹੀਨੇ ਚੰਡੀਗੜ੍ਹ ਬੁੜੈਲ ਜੇਲ੍ਹ ਬਾਹਰ ਰੱਖੇ ਗਏ ਬੰਬ ਦੀ ਸਾਜ਼ਿਸ਼ ਰਚਣ ਵਿੱਚ ਵੀ ਉਸੇ ਦਾ ਹੱਥ ਹੈ।