ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰ ਦਾ ਸ਼ਨੀਵਾਰ ਦੁਪਹਿਰ ਬਹਾਦੁਰਗੜ੍ਹ ਦੇ ਕੇਐਮਪੀ ਵਿੱਚ ਐਕਸੀਡੈਂਟ ਹੋ ਗਿਆ। ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਫਲੇ ‘ਚ ਸ਼ਾਮਲ ਐਸਕਾਰਟ ਗੱਡੀ ਨੇ ਕੰਟਰੋਲ ਗੁਆ ਦਿੱਤਾ ਅਤੇ ਅੱਗੇ ਜਾ ਰਹੀ ਮੰਤਰੀ ਵਿਜ ਦੀ ਗੱਡੀ ਨਾਲ ਟਕਰਾ ਗਈ। ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ। ਅਨਿਲ ਵਿੱਜ ਵੀ ਵਾਲ-ਵਾਲ ਬਚ ਗਏ। ਕੁਝ ਸਮੇਂ ਬਾਅਦ ਮੰਤਰੀ ਗੁਰੂਗ੍ਰਾਮ ਲਈ ਰਵਾਨਾ ਹੋ ਗਏ।
ਦਰਅਸਲ ਗ੍ਰਹਿ ਮੰਤਰੀ ਅਨਿਲ ਵਿਜ ਸ਼ਨੀਵਾਰ ਦੁਪਹਿਰ ਰੋਹਤਕ ਤੋਂ ਗੁਰੂਗ੍ਰਾਮ ਜਾ ਰਹੇ ਸਨ। ਜਦੋਂ ਉਹ ਕੇਐਮਪੀ ’ਤੇ ਪਿੰਡ ਮੁੰਡਾਖੇੜਾ ਨੇੜੇ ਪਹੁੰਚੇ ਤਾਂ ਅਚਾਨਕ ਇੱਕ ਟਰੱਕ ਨੇ ਉਨ੍ਹਾਂ ਦੀ ਸਕਿਓਰਿਟੀ ’ਚ ਲੱਗੀ ਐਸਕਾਰਟ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਗੱਡੀ ਬੇਕਾਬੂ ਹੋ ਗਈ ਅਤੇ ਅੱਗੇ ਜਾ ਰਹੀ ਮੰਤਰੀ ਦੀ ਗੱਡੀ ਨਾਲ ਟਕਰਾ ਗਈ।
ਖੁਸ਼ਕਿਸਮਤੀ ਨਾਲ ਮੰਤਰੀ ਵਿਜ ਸਣੇ ਕਿਸੇ ਨੂੰ ਸੱਟ ਨਹੀਂ ਲੱਗੀ। ਇਸ ਤੋਂ ਬਾਅਦ ਟਰੱਕ ਨੂੰ ਉੱਥੇ ਹੀ ਰੋਕ ਲਿਆ ਗਿਆ। ਕੁਝ ਸਮੇਂ ਬਾਅਦ ਮੰਤਰੀ ਵਿਜ ਕਾਫਲੇ ਸਣੇ ਰਵਾਨਾ ਹੋ ਗਏ। ਇਸ ਦੇ ਨਾਲ ਹੀ ਸੂਚਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ‘ਚ ਆ ਗਿਆ। ਐੱਸ.ਪੀ. ਵਸੀਮ ਅਕਰਮ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਮੰਤਰੀ ਅਨਿਲ ਵਿੱਜ ਦੀ ਮਰਸਡੀਜ਼ ਕਾਰ ਦਾ ਸ਼ੀਸ਼ਾ ਟੁੱਟ ਗਿਆ ਸੀ, ਜਿਸ ਤੋਂ ਬਾਅਦ ਮੰਤਰੀ ਨੇ ਕਾਰ ਬਦਲ ਦਿੱਤੀ। ਉਨ੍ਹਾਂ ਨੂੰ ਹੁਣ ਵੋਲਵੋ ਕੰਪਨੀ ਦੀ ਨਵੀਂ ਕਾਰ ਮਿਲੀ ਹੈ। ਨਵੀਂ ਕਾਰ ਮਿਲਣ ਤੋਂ ਬਾਅਦ ਗ੍ਰਹਿ ਮੰਤਰੀ ਦੀ ਕਾਰ ਇਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਇਹ ਵੀ ਪੜ੍ਹੋ : ਬੈਂਸ ਤੋਂ ਜੇਲ੍ਹ ਵਿਭਾਗ ਵਾਪਿਸ, ਸਿਹਤ ਮੰਤਰੀ ਬਦਲੇ, ਸਰਾਰੀ ਦੇ ਅਸਤੀਫੇ ਮਗਰੋਂ ਮਾਨ ਕੈਬਨਿਟ ‘ਚ ਵੱਡਾ ਫੇਰਬਦਲ
ਏਐਸਪੀ ਅਮਿਤ ਯਸ਼ਵਰਧਨ ਨੇ ਦੱਸਿਆ ਕਿ ਹਾਦਸਾ ਕੇਐਮਪੀ ‘ਤੇ ਮੁੰਡਾਖੇੜਾ ਨੇੜੇ ਵਾਪਰਿਆ। ਇਸ ਸਬੰਧੀ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: