ਦੀਵਾਲੀ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਸਾਰੇ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਦੌਰਾਨ ਬਾਜ਼ਾਰ ਵਿੱਚ ਖਰੀਦੋ-ਫਰੋਖਤ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਤਿਉਹਾਰੀ ਸੀਜ਼ਨ ਗਰੀਬ ਬੰਦਿਆਂ ਦੀ ਕਮਾਈ ਦਾ ਵੀ ਇੱਕ ਮੌਕਾ ਹੁੰਦਾ ਹੈ ਪਰ ਇਸ ਦੌਰਾਨ ਅਕਸਰ ਇਹ ਵੇਖਣ ਨੂੰ ਆਉਂਦਾ ਹੈ ਕਿ ਸੜਕ ‘ਤੇ ਬੈਠੇ ਗਰੀਬ ਬੰਦੇ ਜੋਕਿ ਮਿੱਟੀ ਦੇ ਦੀਵੇ, ਮੂਰਤੀਆਂ ਆਦਿ ਵੇਚਦੇ ਹਨ ਲੋਕ ਉਨ੍ਹਾਂ ਨਾਲ ਮੋਲ-ਭਾਅ ਕਰਦੇ ਨਜ਼ਰ ਆਉਂਦੇ ਹਨ।
ਜੇ ਸਾਰੇ ਆਪਣੇ ਅੰਦਰ ਝਾਤ ਮਾਰੀਏ ਤਾਂ ਅਸੀਂ ਖੁਦ ਪਾਵਾਂਗੇ ਕਿ ਵੱਡੇ-ਵੱਡੇ ਮੌਲਾਂ, ਸ਼ੋਅਰੂਮਾਂ, ਆਨਲਾਈਨ ਸ਼ਾਪਿੰਗ, ਪਿੱਜ਼ਾ, ਬਰਗਰ ਵਰਗੇ ਫਾਸਟ ਫੂਡ ਖਾਣ-ਪੀਣ ‘ਤੇ ਅਸੀਂ ਉਨ੍ਹਾਂ ਤੋਂ ਕਿੰਨੇ ਕੁ ਪੈਸੇ ਘਟਵਾਉਂਦੇ ਹਾਂ। ਜੇ ਕੋਈ ਘਟਾ ਵੀ ਲਵੇ ਤਾਂ ਉਹ ਆਪਣਾ ਪੂਰਾ ਫਾਇਦਾ ਮਿੱਥ ਕੇ ਪਹਿਲਾਂ ਹੀ ਵਾਧੂ ਪੈਸੇ ਦੱਸਦਾ ਹੈ ਤੇ ਅਸੀਂ ਉਦੇ ਵਿੱਚੋਂ ਘਟਾ ਕੇ ਖੁਸ਼ ਹੋ ਜਾਂਦੇ ਹਾਂ ਕਿ ਅਸੀਂ ਸਸਤੀ ਕਰਕੇ ਚੀਜ਼ ਖਰੀਦੀ। ਪਰ ਜਿਹੜਾ ਗਰੀਬ ਇਨ੍ਹਾਂ ਤਿਉਹਾਰਾਂ ਦੀ ਉਡੀਕ ਵਿੱਚ ਬੈਠਾ ਹੁੰਦਾ ਹੈ, ਫਿਰ ਸੜਕ ਦੇ ਕੰਢਿਆਂ ‘ਤੇ ਬੈਠ ਕੇ ਆਪਣੇ ਹੱਥੀਂ ਬਣਾਈਆਂ ਚੀਜ਼ਾਂ ਵੇਚ ਰਿਹਾ ਹੁੰਦਾ ਹੈ ਉਦੇ ਕੋਲੋਂ ਅਸੀਂ 5-10 ਰੁਪਏ ਘਟਵਾ ਕੇ ਆਪਣੇ ਆਪ ‘ਤੇ ਬੜੇ ਖੁਸ਼ ਹੁੰਦੇ ਹਾਂ।
ਇਹ ਕੁਝ ਕੁ ਰੁਪਏ ਸ਼ਾਇਦ ਸਾਡੇ ਲਈ ਕੁਝ ਨਾ ਹੋਣ, ਸਾਡੇ ਬੱਚੇ ਉਂਝ ਹੀ ਇਹ ਪੈਸੇ ਚੀਜ਼ਾਂ ਖਰਚਣ ‘ਤੇ, ਪਿੱਜ਼ੇ ਖਾਣ ‘ਤੇ ਉਡਾ ਦਿੰਦੇ ਹਨ ਪਰ ਉਹ ਪੈਸੇ ਇਨ੍ਹਾਂ ਗਰੀਬਾਂ ਲਈ ਬਹੁਤ ਮਾਇਨੇ ਰਖਦੇ ਹਨ। ਅਸੀਂ ਉਨ੍ਹਾਂ ਨੂੰ ਵੱਧ ਪੈਸੇ ਤਾਂ ਨਹੀਂ ਦਿੰਦੇ ਪਰ ਘੱਟੋ-ਘੱਟ ਪੈਸੇ ਘਟਾ ਕੇ ਉਨ੍ਹਾਂ ਦੀ ਖੁਸ਼ੀ ਦਾ ਨਾ ਘਟਾਈਏ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਇਸ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਨ੍ਹਾਂ ਮਿਹਨਤੀ ਲੋਕਾਂ ਵੱਲ ਜ਼ਰੂਰ ਧਿਆਨ ਦੇਣ। ਇਨ੍ਹਾਂ ਨੂੰ ਕੋਈ ਪੈਸੇ ਘੱਟ-ਵੱਧ ਕਰਨ ਲਈ ਨਾ ਕਹੀਓ, ਕਿਉਂਕਿ ਇਨ੍ਹਾਂ ਨੇ ਸਾਡੇ ਘਰ ਚਾਨਣ ਕਰਨਾ ਹੈ। ਉਨ੍ਹਾਂ ਕਿਹਾ ਕਿ ਆਓ ਇਨ੍ਹਾਂ ਦੇ ਮੁਰਝਾਏ ਚਿਹਰਿਆਂ ‘ਤੇ ਅਸੀਂ ਵੀ ਖੁਸ਼ੀ ਲਿਆਉਣ ਦਾ ਯਤਨ ਕਰੀਏ।
ਇਹ ਵੀ ਪੜ੍ਹੋ : ਵੱਡਾ ਹਾਦਸਾ, ਕੇਦਾਰਨਾਥ ਧਾਮ ‘ਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਕ੍ਰੈਸ਼, ਕਈ ਮੌਤਾਂ ਦੀ ਖ਼ਬਰ
ਤਾਂ ਫਿਰ ਆਓ ਅਸੀਂ ਵੀ ਇਸ ਦੀਵਾਲੀ ਗਰੀਬਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਫਲ ਦੇ ਕੇ ਦੀਵਾਲੀ ਦੀਆਂ ਖੁਸ਼ੀਆਂ ਮਨਾਈਏ ਤੇ ਉਨ੍ਹਾਂ ਦੀਆਂ ਦੁਆਵਾਂ ਕਮਾਈਏ।
ਵੀਡੀਓ ਲਈ ਕਲਿੱਕ ਕਰੋ -: