Mohali Police cracks down : ਮੋਹਾਲੀ : ਨਸ਼ਾ ਤਸਕਰਾਂ ਖਿਲਾਫ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ 2 ਵੱਖ-ਵੱਖ ਮਾਮਲਿਆਂ ਵਿੱਚ ਕੁੱਲ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿਚ ਸਚਿਨ ਕੁਮਾਰ ਨੂੰ ਮੋਹਾਲੀ ਦੇ ਫੇਜ਼ -1, ਮੁਹਾਲੀ ਤੋਂ ਅਤੇ ਜਸਬੀਰ ਕੌਰ ਉਰਫ ਸਿਮਤੀ ਨਾਂ ਦੀ ਔਰਤ ਨੂੰ ਇੰਡਸਟ੍ਰੀਅਲ ਏਰੀਆ, ਫੇਸ-7 ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਵੇਂ ਹੀ ਸਿਰਸਾ, ਹਰਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲੋਂ 1 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਇਨ੍ਹਾਂ ਦੋਹਾਂ ’ਤੇ ਐਨਡੀਪੀਐਸ ਐਕਟ ਦੀ ਧਾਰਾ / 22-61-85 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਹਾਲੀ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਰਘਬੀਰ ਸਿੰਘ ਨਾਂ ਦੇ ਇਕ ਵਿਅਕਤੀ ਜੋਕਿ ਖਰੜ ਨਿਵਾਸੀ ਹੈ, ਨੂੰ ਵੀ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਕ ਕਿੱਲੋ ਅਤੇ 45 ਗ੍ਰਾਮ ਮਾਤਰਾ ਦੀ ਜ਼ਬਤ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੇ ਲਗਭਗ ਹੈ।
ਇਕ ਹੋਰ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਐਨਡੀਪੀਐਸ ਐਕਟ ਦੀ ਧਾਰਾ 15-61-85 ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਟਾਟਾ ਟਰੱਕ ਨੰ. PB65-AH-0731 ਨੂੰ ਪਿੰਡ ਹਰਲਾਲਪੁਰ ਜੰਡਪੁਰ ਰੋਡ ਤੋਂ ਕਬਜ਼ੇ ਵਿਚ ਲੈ ਕੇ ਬਲਬੀਰ ਸਿੰਘ, ਜੋ ਕਿ ਪਿੰਡ ਹਰਲਾਲਪੁਰ ਦੇ ਵਸਨੀਕ ਅਤੇ ਗੁਰਨਾਮ ਸਿੰਘ ਗੋਗੀ ਵਾਸੀ ਪਿੰਡ ਜੰਡਪੁਰ, ਤਹਿਸੀਲ ਖਰੜ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਪੋਪੀ ਕੁਲ 31 ਕਿੱਲੋਗ੍ਰਾਮ ਹੁਸਕ ਬਰਾਮਦ ਹੋਇਆ ਹੈ। ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ।